ਕਿਹਾ : ਜੇ ਸਿੱਧੂ ਨੂੰ ਕੁਝ ਹੋਇਆ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਜ਼ਿੰਮੇਵਾਰ
ਅੰਮਿ੍ਰਤਸਰ/ਬਿਊਰੋ ਨਿਊਜ਼ : ਰੋਡਰੇਜ ਮਾਮਲੇ ’ਚ 10 ਮਹੀਨੇ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਏ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਘਟਾਉਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਭੜਕ ਉਠੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਕੁੱਝ ਹੁੰਦਾ ਹੈ ਤਾਂ ਇਸ ਦੇ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਣਗੇ। ਸੁਰੱਖਿਆ ਘਟਾਉਣ ਨੂੰ ਲੈ ਕੇ ਡਾ. ਨਵਜੋਤ ਕੌਰ ਨੇ ਮੁੱਖ ਮੰਤਰੀ ਦੇ ਨਾਂ ਟਵੀਟ ਕਰਕੇ ਆਪਣਾ ਗੁੱਸਾ ਪ੍ਰਗਟਾਇਆ। ਉਨ੍ਹਾਂ ਟਵੀਟ ’ਚ ਲਿਖਿਆ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ। ਮੇਰੇ ਪਤੀ ਇਕ ਅਜਿਹੇ ਆਗੂ ਹਨ ਜਿਨ੍ਹਾਂ ਦੇ ਬਹੁਤ ਸਾਰੇ ਸਮਰਥਕ ਹਨ ਅਤੇ ਉਹ ਪੰਜਾਬ ਦੇ ਪ੍ਰਤੀ ਆਪਣੇ ਪ੍ਰੇਮ ਕਾਰਨ ਦਿਨ-ਰਾਤ ਯਾਤਰਾ ਕਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਹੈ, ਜੋ ਕਿ ਚਿੰਤਾਜਨਕ। ਡਾ. ਨਵਜੋਤ ਕੌਰ ਨੇ 2022 ’ਚ ਲਿਖਿਆ ਇਕ ਸਰਕਾਰੀ ਪੱਤਰ ਵੀ ਟਵੀਟ ਦੇ ਨਾਲ ਪੋਸਟ ਕੀਤਾ ਹੈ, ਜਿਸ ’ਚ ਸਾਫ਼ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜੈੱਡ ਪਲੱਸ ਸੁਰੱਖਿਆ ਜੇਲ੍ਹ ’ਚ ਹੋਣ ਕਾਰਨ ਵਾਪਸ ਲਈ ਗਈ ਹੈ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਸਿੱਧੂ ਨੂੰ ਮੁੜ ਜੈਡ ਪਲੱਸ ਸੁਰੱਖਿਆ ਵਾਪਸ ਦਿੱਤੀ ਜਾਵੇਗੀ ਪ੍ਰੰਤੂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸਿੱਧੂ ਦੀ ਸੁਰੱਖਿਆ ’ਚ ਕਟੌਤੀ ਕਰ ਦਿੱਤੀ ਹੈ।