ਸਿਸਵਾਂ ਫਾਰਮ ਹਾਊਸ ’ਤੇ ਕੈਪਟਨ ਨੇ ਕਈ ਵਿਧਾਇਕਾਂ ਨਾਲ ਕੀਤੀ ਗੱਲਬਾਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੂੰ ਨਾ ਮਿਲਣ ਦੇ ਲੱਗ ਰਹੇ ਆਰੋਪਾਂ ਨੂੰ ਹੁਣ ਧੋਣ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਦਰਬਾਰ ’ਚ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਵੱਲੋਂ ਉਠਾਈ ਗਈ ਆਵਾਜ਼ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਦੇ ਚੱਲਦਿਆਂ ਮੁੱਖ ਮੰਤਰੀ ਨੇ ਆਪਣੇ ਸਿਸਵਾਂ ਫਾਰਮ ਹਾਊਸ ਵਿਖੇ ਅੱਧਾ ਦਰਜਨ ਦੇ ਕਰੀਬ ਵਿਧਾਇਕਾਂ, ਇਕ ਮੰਤਰੀ, ਸੰਸਦ ਮੈਂਬਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨਾਲ ਇਕੱਲਿਆਂ-ਇਕੱਲਿਆਂ ਮੀਟਿੰਗ ਕੀਤੀ ਹੈ। ਕੈਪਟਨ ਅਮਰਿੰਦਰ ਨੇ ਇਕੱਲੇ ਇਕੱਲੇ ਆਗੂ ਨਾਲ ਦਸ ਤੋਂ ਪੰਦਰਾਂ ਮਿੰਟ ਤੱਕ ਗੱਲ ਕਰਕੇ ਉਨ੍ਹਾਂ ਦੀ ਨਬਜ਼ ਟੋਹਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਈ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਆਪਣੇ ਹਲਕੇ ਨਾਲ ਸਬੰਧਿਤ ਜ਼ਰੂਰੀ ਕੰਮਾਂ ਲਈ ਮਿਲਣ ਦੀ ਗੱਲ ਕਹੀ ਹੈ ਪਰ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਅੰਦਰ ਉਠੀਆਂ ਬਗ਼ਾਵਤੀ ਲਹਿਰਾਂ ਨੂੰ ਸ਼ਾਂਤ ਕਰਨ ਅਤੇ ਪੰਜਾਬ ਵਿਚ ਬਦਲ ਰਹੇ ਸਿਆਸੀ ਸਮੀਕਰਨਾਂ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਵਲੋਂ ਵਿਧਾਇਕਾਂ ਨਾਲ ਮਿਲਣੀ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਕੈਬਨਿਟ ਮੰਤਰੀ ਓਪੀ ਸੋਨੀ, ਸੰਸਦ ਮੈਂਬਰ ਰਵਨੀਤ ਬਿੱਟੂ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਰਮਨਜੀਤ ਸਿੰਘ ਸਿੱਕੀ, ਨਵਤੇਜ ਸਿੰਘ ਚੀਮਾ, ਅਮਿਤ ਵਿਜ, ਸੁਸ਼ੀਲ ਕੁਮਾਰ ਰਿੰਕੂ, ਰਣਦੀਪ ਸਿੰਘ ਨਾਭਾ ਤੇ ਸੁਰਿੰਦਰ ਡਾਵਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
Check Also
ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ
ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …