Breaking News
Home / ਪੰਜਾਬ / ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ‘ਚ ਵਫਦ ਰਾਸ਼ਟਰਪਤੀ ਨੂੰ ਮਿਲਿਆ

ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ‘ਚ ਵਫਦ ਰਾਸ਼ਟਰਪਤੀ ਨੂੰ ਮਿਲਿਆ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣੇ
ਪਟਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਮੰਗਲਵਾਰ ਨੂੰ  ਪੰਜ ਮੈਂਬਰੀ ਵਫਦ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਸਿੱਖ ਕੌਮ ਦੇ ਅਹਿਮ ਮਸਲਿਆਂ ਨੂੰ ਹੱਲ ਕਰਨ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਉਠਾਈ। ਪ੍ਰੋ. ਬਡੂੰਗਰ ਦੀ ਅਗਵਾਈ ਵਿਚ ਰਾਸ਼ਟਰਪਤੀ ਨਾਲ ਇਹ ਮੀਟਿੰਗ ਸਵਾ ਘੰਟੇ ਤੋਂ ਵੱਧ ਸਮਾਂ ਚੱਲੀ। ਵਫਦ ਵਿਚ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਚੀਫ ਸੈਕਟਰੀ ਹਰਚਰਨ ਸਿੰਘ, ਕੇਵਲ ਸਿੰਘ ਅਤੇ ਸਕੱਤਰ ਪਰਮਜੀਤ ਸਿੰਘ ਸਰੋਆ ਵੀ ਸ਼ਾਮਿਲ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਰਾਸ਼ਟਰਪਤੀ ਕੋਲ ਉਨ੍ਹਾਂ ਸਭ ਤੋਂ ਪਹਿਲਾਂ ਮੰਗ ਉਠਾਈ ਕਿ ਜਗਤ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਲਈ ਇੰਨਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਮੁੜ ਕੇ ਕਦੀ ਵੀ ਕਿਸੇ ਦੀ ਅਜਿਹੀ ਕੋਝੀ ਹਰਕਤ ਕਰਨ ਦੀ ਹਿੰਮਤ ਨਾ ਪਵੇ। ਇਸ ਤੋਂ ਬਿਨਾ ਰਾਸ਼ਟਰਪਤੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਉੱਤਰਾਖੰਡ ਵਿਚ ਸੰਨ 1505 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸਨ। ਉਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਗਿਆਨ ਗੋਦੜੀ ਬਣਿਆ ਹੋਇਆ ਸੀ, ਜਿਸ ਨੂੰ 1979 ਵਿਚ ਮਿਟਾ ਦਿੱਤਾ ਗਿਆ। ਉੱਤਰਾਖੰਡ ਸਰਕਾਰ ਨੂੰ ਹੁਕਮ ਕੀਤੇ ਜਾਣ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਇਸ ਯਾਦ ਨੂੰ ਮੁੜ ਬਣਾਵੇ। ਇਸ ਲਈ ਸ਼੍ਰੋਮਣੀ ਕਮੇਟੀ ਵੀ ਆਪਣਾ ਹਿੱਸਾ ਪਾਵੇਗੀ।
ਬਲਵੰਤ ਸਿੰਘ ਰਾਜੋਆਣਾ ਦੀ ਅਰਜ਼ੀ ‘ਤੇ ਵੀ ਤੁਰੰਤ ਫੈਸਲਾ ਕਰਨ ਦੀ ਮੰਗ
ਪ੍ਰੋ. ਬਡੂੰਗਰ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਨੂੰ 22 ਸਾਲ ਜੇਲ੍ਹ ਵਿਚ ਬੰਦ ਹੋਏ ਨੂੰ ਹੋ ਗਏ ਹਨ। ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ 2012 ਵਿਚ ਰਾਜੋਆਣਾ ਸਬੰਧੀ ਇੱਕ ਪਟੀਸ਼ਨ ਅੰਡਰ ਆਰਟੀਕਲ 72 ਤਹਿਤ ਆਪ ਜੀ ਨੂੰ ਸਬਮਿੱਟ ਕੀਤੀ ਗਈ ਸੀ। ਇਸ ਲਈ ਉਸ ਦਾ ਤੁਰੰਤ ਫੈਸਲਾ ਹੋਵੇ।
ਬਲੈਕ ਲਿਸਟ ਵਿਚੋਂ ਬਰੀ ਹੋਏ ਸਿੱਖਾਂ ਨੂੰ ਮੁੜ ਦੇਸ਼ ਵਾਪਸ ਆਉਣ ਦੀ ਆਗਿਆ ਦਿੱਤੀ ਜਾਵੇ
ਪ੍ਰੋ. ਬਡੂੰਗਰ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ 1984 ਵੇਲੇ ਬਹੁਤ ਸਾਰੇ ਸਿੱਖ ਬਲੈਕ ਲਿਸਟ ਕਰ ਦਿੱਤੇ ਗਏ ਸਨ। ਇਨ੍ਹਾਂ ‘ਚੋਂ ਬਹੁਤੇ ਕੇਸਾਂ ਦੀ ਪੜਤਾਲ ਹੋ ਚੁੱਕੀ ਹੈ। ਜਿਹੜੇ ਕੇਸ ਕਲੀਅਰ ਹੋ ਚੁੱਕੇ ਹਨ, ਉਨ੍ਹਾਂ ਸਿੱਖਾਂ ਨੂੰ ਤੁਰੰਤ ਬਲੈਕ ਲਿਸਟ ‘ਚੋਂ ਬਾਹਰ ਕੱਢਿਆ ਜਾਵੇ ਤੇ ਆਪਣੇ ਵਤਨ ਪਰਤਣ ਦੀ ਆਗਿਆ ਦਿੱਤੀ ਜਾਵੇ।ઠ
ਐੱਸਜੀਪੀਸੀ ਦਾ ਖਜ਼ਾਨਾ ਵਾਪਸ ਕਰੇ ਕੇਂਦਰ ਸਰਕਾਰ
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ 1984 ਦੇ ਹਮਲੇ ਵੇਲੇ ਫੌਜ ਸ੍ਰੀ ਦਰਬਾਰ ਸਾਹਿਬ ਤੋਂ ਬਹੁਤ ਸਾਰਾ ਸਿੱਖ ਲਿਟਰੇਚਰ, ਧਾਰਮਿਕ ਕਿਤਾਬਾਂ ਅਤੇ ਪੁਰਾਣੀਆਂ ਸਿੱਖ ਯਾਦਾਂ ਚੁੱਕ ਕੇ ਲੈ ਗਈ ਸੀ। ਇਹ ਇਸ ਸਮੇਂ ਕੇਂਦਰ ਸਰਕਾਰ ਕੋਲ ਹਨ। ਸਰਕਾਰ ਨੂੰ ਹੁਕਮ ਕੀਤੇ ਜਾਣ ਕਿ ਇਹ ਸਾਰਾ ਸਿੱਖ ਲਿਟਰੇਚਰ ਐੱਸ. ਜੀ. ਪੀ. ਸੀ.ਨੂੰ ਮੁੜ ਸੌਂਪਿਆ ਜਾਵੇ।

ਹਰਿਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਜਪੁਜੀ ਸਾਹਿਬ ਦੇ ਪਾਠ ਤੇ ਅਰਦਾਸ
ਅੰਮ੍ਰਿਤਸਰ : ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਸਮੇਤ ਦੇਸ਼ ਵਿਦੇਸ਼ ਦੀ ਸੰਗਤ ਵਲੋਂ ਗੁਰਦੁਆਰਿਆਂ ਵਿਚ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ ਗਈ ਹੈ। ਜਿਸ ਤਹਿਤ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ 24 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੱਦੀ ਹੈ। ਮਿੱਥੇ ਪ੍ਰੋਗਰਾਮ ਅਨੁਸਾਰ ਐਤਵਾਰ ਸਵੇਰੇ 9 ਵਜੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਚ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਮੂਹ ਗੁਰਦੁਆਰਿਆਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪਾਠ ਅਤੇ ਅਰਦਾਸ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ।  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਬਾਰੇ ਸਿੱਖ ਸੰਗਤਾਂ ਨੂੰ ਜਾਣੂੰ ਕਰਾਇਆ। ਉਨ੍ਹਾਂ ਦੱਸਿਆ ਕਿ ਸਿੱਖ ਸੰਗਤ ਲੰਮੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਇਸ ਗੁਰਦੁਆਰੇ ਦੀ ਮੁੜ ਹਰਿ ਕੀ ਪਉੜੀ ਵਿਖੇ ਹੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਇਹ ਮੰਦਭਾਗੀ ਗੱਲ ਹੈ ਕਿ ਸਿੱਖ ਧਰਮ ਦੇ ਬਾਨੀ ਨਾਲ ਸਬੰਧਤ ਗੁਰਦੁਆਰੇ ਨੂੰ ਨੁਕਸਾਨ ਪੁਚਾਇਆ ਗਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਦਮਦਮੀ ਟਕਸਾਲ, ਸੰਤ ਸਮਾਜ, ਨਾਨਕਸਰ ਸੰਪਰਦਾ, ਹੋਰ ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਸਮੇਤ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ‘ਚ ਸ਼ਾਮਲ ਹੋਣ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …