ਲੁਧਿਆਣਾ ’ਚ ਰਾਜਾ ਵੜਿੰਗ ‘ਆਪ’ ਉਮੀਦਵਾਰ ਪੱਪੀ ਦੇ ਘਰ ਪਹੁੰਚੇ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਅੱਜ ਵੋਟਾਂ ਪਾਈਆਂ ਗਈਆਂ। ਵੋਟਿੰਗ ਦੌਰਾਨ ਜਲੰਧਰ ’ਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਆਪਸ ਵਿਚ ਭਿੜ ਗਏ। ਇਥੇ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਦਾ ਸਿਰ ਭੰਨ ਦਿੱਤਾ ਗਿਆ। ਆਰੋਪ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਰੀਏ ਦੇ ਨਾਲ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ’ਤੇ ਹਮਲਾ ਕੀਤਾ। ਇਸੇ ਦੌਰਾਨ ਭਾਜਪਾ ਦੇ ਵਰਕਰਾਂ ਨਾਲ ਧੱਕਾਮੁੱਕੀ ਕੀਤੀ ਗਈ। ਇਸੇ ਤਰ੍ਹਾਂ ਫਰੀਦਕੋਟ ਦੇ ਪੋਲਿੰਗ ਸਟੇਸ਼ਨ ’ਤੇ ਕੁੱਝ ਵਿਅਕਤੀਆਂ ਦੀ ਬੀਐਲਓ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਮਹਿਲਾ ਬੀਐਲਓ ਬੇਹੋਸ਼ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਧਰ ਲੁਧਿਆਣਾ ’ਚ ਇਕ ਪੋਲਿੰਗ ਬੂਥ ’ਤੇ ਹੰਗਾਮਾ ਹੋਇਆ। ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਨੇ ਆਰੋਪ ਲਗਾਇਆ ਕਿ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਆਪਣੇ ਸਮਰਥਕਾਂ ਸਮੇਤ ਨੂੰ ਉਸ ਨੂੰ ਘੇਰਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੀ ਪਹੁੰਚ ਗਏ। ਉਹ ਪੂਰੀ ਘਟਨਾ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਗੱਲਬਾਤ ਕਰਨ ਲਈ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਹੀ ਪਹੁੰਚ ਗਏ।