Breaking News
Home / ਭਾਰਤ / ਮੋਦੀ ਨੇ ਦੇਸ਼ ਨੂੰ 7ਵੀਂ ਵਾਰ ਕੀਤਾ ਸੰਬੋਧਨ

ਮੋਦੀ ਨੇ ਦੇਸ਼ ਨੂੰ 7ਵੀਂ ਵਾਰ ਕੀਤਾ ਸੰਬੋਧਨ

ਕਿਹਾ – ਲੌਕਡਾਊਨ ਮੁੱਕਿਆ, ਪਰ ਵਾਇਰਸ ਨਹੀਂ
ਨਵੀਂ ਦਿੱਲੀ : ਤਿਊਹਾਰਾਂ ਦਾ ਸੀਜ਼ਨ ਸ਼ੁਰੂ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਸਮਾਂ ਲਾਪ੍ਰਵਾਹ ਹੋਣ ਦਾ ਨਹੀਂ ਹੈ ਕਿਉਂਕਿ ਵਾਇਰਸ ਹਾਲੇ ਵੀ ਆਸ-ਪਾਸ ਹੀ ਹੈ ਅਤੇ ਛੋਟੀ ਜਿਹੀ ਲਾਪ੍ਰਵਾਹੀ ਤਿਉਹਾਰਾਂ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ। ਕੋਵਿਡ-19 ਮਹਾਮਾਰੀ ਫੈਲਣ ਤੋਂ ਲੈ ਕੇ ਹੁਣ ਤੱਕ ਰਾਸ਼ਟਰ ਨੂੰ ਕੀਤੇ ਸੱਤਵੇਂ ਸੰਬੋਧਨ ਵਿੱਚ ਮੋਦੀ ਨੇ ਅਮਰੀਕਾ ਅਤੇ ਕਈ ਯੂਰੋਪੀਅਨ ਮੁਲਕਾਂ ਦੀ ਊਦਾਹਰਣ ਦਿੱਤੀ ਕਿ ਕਿਵੇਂ ਕੇਸਾਂ ਦੀ ਗਿਣਤੀ ਘਟਣ ਮਗਰੋਂ ਅਚਾਨਕ ਅਤੇ ਚਿੰਤਾਜਨਕ ਢੰਗ ਨਾਲ ਕੇਸਾਂ ਵਿੱਚ ਮੁੜ ਵਾਧਾ ਹੋਇਆ ਹੈ।
ਉਨ੍ਹਾਂ ਨਾਗਰਿਕਾਂ ਨੂੰ ਇਲਾਜ ਜਾਂ ਵੈਕਸੀਨ ਆਉਣ ਤੱਕ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਵਿਰੁਧ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਕਿ ਕਿਵੇਂ ਲੋਕਾਂ ਨੇ ਮਾਸਕ ਪਹਿਨਣ ਸਬੰਧੀ ਇਹਤਿਆਤ ਵਰਤਣੀ ਬੰਦ ਕਰ ਦਿੱਤੀ ਹੈ ਅਤੇ ਲਾਪ੍ਰਵਾਹੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ-ਆਪ ਨੂੰ, ਆਪਣੇ ਪਰਿਵਾਰਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਤਰੇ ਵਿੱਚ ਪਾਊਣਾ ਬਿਲਕੁਲ ਵੀ ਠੀਕ ਨਹੀਂ ਹੈ। ਆਪਣੇ ਭਾਸ਼ਣ ਦੌਰਾਨ ਇੱਕ ਵਾਰ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹੱਥ ਜੋੜ ਕੇ ਮਾਸਕ ਪਹਿਨਣ, ਹੱਥ ਸੈਨੇਟਾਈਜ਼ ਕਰਨ ਅਤੇ ਸਰੀਰਕ ਦੂਰੀ ਬਣਾਊਣ ਜਿਹੀ ਇਹਤਿਆਤ ਵਰਤਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ ਅਤੇ ਖ਼ੁਸ਼ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲੌਕਡਾਊਨ ਭਾਵੇਂ ਖ਼ਤਮ ਹੋ ਗਿਆ ਹੈ, ਪਰ ਵਾਇਰਸ ਅਜੇ ਵੀ ਇੱਥੇ ਹੀ ਹੈ…ਇਹ ਲਾਪ੍ਰਵਾਹ ਹੋਣ ਦਾ ਸਮਾਂ ਨਹੀਂ ਹੈ, ਇਹ ਮੰਨਣ ਦਾ ਸਮਾਂ ਨਹੀਂ ਹੈ ਕਿ ਕਰੋਨਾ ਖ਼ਤਮ ਹੋ ਗਿਆ ਹੈ ਜਾਂ ਉਸ ਤੋਂ ਕੋਈ ਖ਼ਤਰਾ ਨਹੀਂ ਹੈ।
ਮੋਦੀ ਸਰਕਾਰ ਫੇਲ : ਸੂਰਜੇਵਾਲਾ
ਇਸੇ ਦੌਰਾਨ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਲੀਵਿਜ਼ਨ ਸੰਬੋਧਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਭਾਸ਼ਨ ਦੇਣ ਦੀ ਥਾਂ ਕਰੋਨਾ ਵਾਇਰਸ ਮਹਾਮਾਰੀ ‘ਤੇ ਕਾਬੂ ਪਾਉਣ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕੋਈ ਠੋਸ ਹੱਲ ਦੱਸਣ। ਉਨ੍ਹਾਂ ਮੋਦੀ ਸਰਕਾਰ ਨੂੰ ਦੋਵਾਂ ਪੱਖਾਂ ਤੋਂ ਫੇਲ੍ਹ ਕਰਾਰ ਦਿੱਤਾ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …