Breaking News
Home / ਸੰਪਾਦਕੀ / ਪਰਾਲੀ ਸਾੜਣ ਨਾਲ ਵਧਦਾ ਪ੍ਰਦੂਸ਼ਣ ਪੰਜਾਬ ਲਈ ਚਿੰਤਾ ਦਾ ਵਿਸ਼ਾ

ਪਰਾਲੀ ਸਾੜਣ ਨਾਲ ਵਧਦਾ ਪ੍ਰਦੂਸ਼ਣ ਪੰਜਾਬ ਲਈ ਚਿੰਤਾ ਦਾ ਵਿਸ਼ਾ

ਪੰਜਾਬ ਵਿਚ ਇਨ੍ਹੀ ਦਿਨੀਂ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ਕਾਰਨ ਵਾਤਾਵਰਨ ਵਿਚ ਪੈਦਾ ਹੋਇਆ ਗੰਭੀਰ ਪ੍ਰਦੂਸ਼ਣ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਕਿਸਾਨਾਂ ਦੇ ਅੰਦੋਲਨ ਦੇ ਨਾਲ-ਨਾਲ ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਦੀ ਬਿਮਾਰੀ ਦੇ ਹੁੰਦਿਆਂ ਸਾਹ ਲੈਣ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਗ੍ਰਸਤ ਲੋਕਾਂ ਤੋਂ ਇਲਾਵਾ ਆਮ ਲੋਕਾਂ ਦੀ ਪ੍ਰਦੂਸ਼ਣ ਨਾਲ ਕੀ ਦਸ਼ਾ ਹੋਵੇਗੀ। ਪ੍ਰਦੂਸ਼ਣ ਨੇ ਤਾਂ ਪਹਿਲਾਂ ਹੀ ਹਰ ਥਾਂ ‘ਤੇ ਨੱਕ ਵਿਚ ਦਮ ਕੀਤਾ ਹੋਇਆ ਹੈ। ਹਰ ਤਰ੍ਹਾਂ ਦਾ ਪ੍ਰਦੂਸ਼ਣ ਲਗਾਤਾਰ ਮਨੁੱਖੀ ਸਰੀਰ ਨੂੰ ਜਰਜਰਾ ਕਰੀ ਜਾ ਰਿਹਾ ਹੈ। ਉੱਪਰੋਂ ਮਾੜੀ ਕਿਸਮਤ, ਫ਼ਸਲਾਂ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਅਧੀਨ ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਸਾੜਨ ਦਾ ਸਿਲਸਿਲਾ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਿਖ਼ਰਾਂ ‘ਤੇ ਲਿਜਾਣ ਵਿਚ ਸਹਾਈ ਹੋ ਰਿਹਾ ਹੈ।
ਪਿਛਲੇ ਲਗਪਗ 10 ਸਾਲ ਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਰਾਜ ਇਸ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਕੇਂਦਰ ਸਰਕਾਰ ਅਤੇ ਪ੍ਰਾਂਤਕ ਸਰਕਾਰਾਂ ਨੇ ਪੈਦਾ ਹੁੰਦੀ ਇਸ ਸਥਿਤੀ ਨੂੰ ਸੁਧਾਰਨ ਲਈ ਅਨੇਕਾਂ ਹੀਲੇ-ਵਸੀਲੇ ਕੀਤੇ ਹਨ ਪਰ ਨਿਕਲਦੇ ਨਤੀਜਿਆਂ ਤੋਂ ਜਾਪਦਾ ਹੈ ਕਿ ਸਰਕਾਰਾਂ ਇਨ੍ਹਾਂ ਯਤਨਾਂ ਵਿਚ ਪੂਰੀ ਤਰ੍ਹਾਂ ਨਾਕਾਮਯਾਬ ਰਹੀਆਂ ਹਨ। ਇਸ ਸਮੱਸਿਆ ਨੂੰ ਸੁਲਝਾਉਣ ਵਿਚ ਸਹਾਈ ਹੋਣ ਦੀ ਥਾਂ ਕਿਸਾਨ ਵਰਗ ਨੇ ਵੀ ਆਪਣੀਆਂ ਮਜਬੂਰੀਆਂ ਕਾਰਨ ਇਸ ਨੂੰ ਵਧਾਇਆ ਹੀ ਹੈ। ਜੇਕਰ ਇਸ ਵਰਗ ਦੇ ਇਕ ਹਿੱਸੇ ਨੇ ਸਮੱਸਿਆ ਨੂੰ ਸਮਝਦੇ ਹੋਏ ਪ੍ਰਸ਼ਾਸਨ ਨੂੰ ਸਹਿਯੋਗ ਵੀ ਦਿੱਤਾ ਹੈ ਤਾਂ ਦੂਜਾ ਵਰਗ ਇਸ ਤੋਂ ਬੇਪਰਵਾਹ ਤੇ ਲਾਪਰਵਾਹ ਦਿਖਾਈ ਦਿੰਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਖਿੱਤੇ ਵਿਚ 17,000 ਦੇ ਕਰੀਬ ਕੰਬਾਈਨਾਂ ਹਨ। ਸਾਡੀਆਂ ਸਰਕਾਰਾਂ ਇਨ੍ਹਾਂ ਵਿਚ ਸੁਧਾਰ ਕਰਕੇ ਇਨ੍ਹਾਂ ਨੂੰ ਨਵਿਆਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਹਨ। ਹੁਣ ਤੱਕ ਏਨੀ ਗਿਣਤੀ ਵਿਚ ਮਸ਼ੀਨਾਂ ‘ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲੱਗ ਜਾਣੇ ਚਾਹੀਦੇ ਸਨ। ਅਸੀਂ ਅਜਿਹਾ ਕਰਨ ਵਿਚ ਪਛੜ ਗਏ ਹਾਂ। ਹੈਪੀਸੀਡਰ ਮੁਹੱਈਆ ਕਰਵਾਉਣ ਦੇ ਸਾਡੇ ਯਤਨ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ। ਸਰਕਾਰਾਂ ਲੋਕਾਂ ਤੇ ਸਮਾਜ ਦੀ ਸਿਹਤ ਤੋਂ ਵਧੇਰੇ ਵੋਟ ਬੈਂਕ ਦੇ ਫ਼ਿਕਰ ਵਿਚ ਲੱਗੀਆਂ ਰਹਿੰਦੀਆਂ ਹਨ।
ਬਿਨਾਂ ਸ਼ੱਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਰਾਲੀ ਸਾੜਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਇਸ ਸਮੱਸਿਆ ‘ਤੇ ਰੋਜ਼ਾਨਾ ਨਜ਼ਰ ਰੱਖਣ ਲਈ 5 ਮੈਂਬਰੀ ਕਮੇਟੀ ਵੀ ਬਣਾਈ ਹੈ, ਜਿਸ ਵਿਚ ਖੇਤੀਬਾੜੀ ਵਿਭਾਗ ਤੇ ਪੁਲਿਸ ਦਾ ਨੁਮਾਇੰਦਾ, ਪੰਚਾਇਤ ਸਕੱਤਰ ਤੇ ਪਟਵਾਰੀ, ਪ੍ਰਦੂਸ਼ਣ ਬੋਰਡ ਦਾ ਪ੍ਰਤੀਨਿਧ ਸ਼ਾਮਿਲ ਹੈ, ਜਿਨ੍ਹਾਂ ਨੇ ਨਿੱਤ ਦਿਨ ਖੇਤਾਂ ਵਿਚ ਅੱਗ ਨਾਲ ਪਰਾਲੀ ਸਾੜੇ ਜਾਣ ਦੀ ਸੂਚਨਾ ਦੇਣੀ ਹੁੰਦੀ ਹੈ ਪਰ ਅੱਗ ਲਾਏ ਜਾਣ ਦਾ ਸਿਲਸਿਲਾ ਅਜੇ ਵੀ ਨਿੱਤ ਦਿਨ ਜਾਰੀ ਹੈ। ਵਿਸ਼ੇਸ਼ ਤੌਰ ‘ਤੇ ਸਰਹੱਦੀ ਇਲਾਕਿਆਂ ਤਰਨ ਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਤਾਂ ਇਸ ਸਬੰਧੀ ਸਥਿਤੀ ਬੇਹੱਦ ਮਾੜੀ ਦਿਖਾਈ ਦਿੰਦੀ ਹੈ। ਪਿਛਲੇ ਸਾਲਾਂ ਦਾ ਰਿਕਾਰਡ ਦੇਖਿਆ ਜਾਵੇ ਤਾਂ ਸੁਲਝਣ ਦੀ ਬਜਾਏ ਇਹ ਸਮੱਸਿਆ ਲਗਾਤਾਰ ਵਧਦੀ ਹੀ ਜਾ ਰਹੀ ਹੈ। ਸਾਲ 2017 ਵਿਚ 16 ਅਕਤੂਬਰ ਤੱਕ ਅੱਗ ਲਾਉਣ ਦੀਆਂ 2892 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਸਾਲ 2018 ਵਿਚ 947 ਅਤੇ ਸਾਲ 2019 ਵਿਚ 1388 ਘਟਨਾਵਾਂ ਵਾਪਰੀਆਂ ਸਨ ਜਦੋਂ ਕਿ ਹੁਣ ਤੱਕ ਇਨ੍ਹਾਂ ਦੀ ਗਿਣਤੀ 5000 ਤੋਂ ਵੀ ਟੱਪ ਚੁੱਕੀ ਹੈ। ਇਸ ਸਥਿਤੀ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਸਾਡੀਆਂ ਸਰਕਾਰਾਂ ਦੀ ਕੀ ਕਾਰਗੁਜ਼ਾਰੀ ਹੈ, ਸਮਾਜ ਅਤੇ ਸਬੰਧਿਤ ਧਿਰਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੈ। ਬਿਨਾਂ ਸ਼ੱਕ ਅੱਜ ਅਸੀਂ ਵੱਡੀ ਨਿਰਾਸ਼ਾਜਨਕ ਸਥਿਤੀ ‘ਚੋਂ ਗੁਜ਼ਰ ਰਹੇ ਹਾਂ, ਜੋ ਸਮੁੱਚੇ ਸਮਾਜ ਦੀ ਢਹਿੰਦੀ ਕਲਾ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ।
ਜਿਸ ਪਾਸੇ ਨੂੰ ਸਾਡੇ ਪੰਜਾਬ ਵਾਸੀ ਤੁਰੇ ਹੋਏ ਹਨ, ਇਕ ਦਿਨ ਪੰਜਾਬ ਜ਼ਰੂਰ ਰਾਜਸਥਾਨ ਬਣ ਜਾਵੇਗਾ। ਪਾਣੀ, ਹਵਾ ਅਤੇ ਧਰਤੀ ਤੱਕ ਅਸੀਂ ਜ਼ਹਿਰੀਲੀ ਬਣਾ ਦਿੱਤੀ ਹੈ। ਜੇਕਰ ਮਨੁੱਖੀ ਜੀਵਨ ਵਿਚ ਆਕਸੀਜਨ ਦੀ ਕੀਮਤ ਆਂਕਣੀ ਹੋਵੇ ਤਾਂ ਮੁੱਲ ਦੀ ਆਕਸੀਜਨ ਦਾ ਇਕ ਸਿਲੰਡਰ 750 ਰੁਪਏ ਦਾ ਆਉਂਦਾ ਹੈ ਅਤੇ ਇਕ ਮਨੁੱਖ 24 ਘੰਟਿਆਂ ਵਿਚ ਤਿੰਨ ਸਿਲੰਡਰ ਆਕਸੀਜਨ ਦੇ ਲੈ ਲੈਂਦਾ ਹੈ। ਇਕ ਸਾਲ ਵਿਚ ਇਕ ਮਨੁੱਖ 7 ਲੱਖ 66 ਹਜ਼ਾਰ ਅਤੇ ਜੇਕਰ ਔਸਤ ਉਮਰ 65 ਸਾਲ ਤੱਕ ਹੋਵੇ ਤਾਂ ਇਕ ਮਨੁੱਖ ਘੱਟੋ-ਘੱਟ 5 ਕਰੋੜ ਰੁਪਏ ਦੀ ਆਕਸੀਜਨ ਵਰਤਦਾ ਹੈ, ਜੋ ਕਿ ਰੁੱਖ ਸਾਨੂੰ ਮੁਫ਼ਤ ਵਿਚ ਦਿੰਦੇ ਹਨ। ਪਰ ਬਦਲੇ ਵਿਚ ਅਸੀਂ ਰੁੱਖਾਂ ਨੂੰ ਕੀ ਦਿੰਦੇ ਹਾਂ? ਪੰਜਾਬ ਵਿਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਇਕੱਲੇ ਸਰਕਾਰੀ ਅੰਕੜੇ ਅਨੁਸਾਰ ਹੀ 7 ਕਰੋੜ ਰੁੱਖ ਵੱਢੇ ਜਾ ਚੁੱਕੇ ਹਨ। ਪੰਜਾਬ ਦੀਆਂ ਸੜਕਾਂ ਨੂੰ ਫੋਰ ਲੇਨ ਬਣਾਉਣ ਦੀ ਹਨੇਰੀ ਵਿਚ ਪਿਛਲੇ ਪੰਜ-ਸੱਤ ਸਾਲਾਂ ਅੰਦਰ ਹੀ ਸੜਕਾਂ ਕੰਢਿਓਂ 9 ਲੱਖ ਤੋਂ ਵੱਧ ਸਰਕਾਰੀ ਦਰੱਖਤ ਵੱਢੇ ਜਾ ਚੁੱਕੇ ਹਨ, ਜਿਨ੍ਹਾਂ ਦੇ ਬਦਲੇ ਇਕ ਦਰੱਖਤ ਵੀ ਨਹੀਂ ਲਗਾਇਆ ਗਿਆ। ਦਰਿਆਵਾਂ ਨੂੰ ਅਸੀਂ ਰੇਤਾ, ਬੱਜਰੀ ਦੇ ਚੰਦਰੇ ਵਪਾਰ ਵਿਚ ਖਾ ਰਹੇ ਹਾਂ। ਪਹਾੜਾਂ ਨੂੰ ਭੂ-ਮਾਫ਼ੀਆ ਨਿਗਲ ਰਿਹਾ ਹੈ। ਕਾਦਰ ਨੇ ਕੁਦਰਤ ਦੀ ਸਿਰਜਣਾ 84 ਲੱਖ ਜੂਨ ਦੇ ਜੀਵਨ ਲਈ ਕੀਤੀ ਸੀ। ਪਰ ਅਸੀਂ ਸਿਰਫ਼ ਮਨੁੱਖੀ ਮੁਫ਼ਾਦਾਂ ਲਈ ਨਾ ਸਿਰਫ਼ ਬਾਕੀ ਜੀਵ-ਜੰਤੂਆਂ ਦਾ ਜੀਵਨ ਖ਼ਤਮ ਕਰ ਰਹੇ ਹਾਂ ਬਲਕਿ ਜਿਸ ਰੁੱਖ ਦੀ ਟਾਹਣੀ ‘ਤੇ ਬੈਠੇ ਹੋਏ ਹਾਂ ਉਸ ਨੂੰ ਹੀ ਵੱਢੀ ਜਾ ਰਹੇ ਹਾਂ। ਕੁਦਰਤ ਦਾ ਸੰਤੁਲਨ ਅਸੀਂ ਬੁਰੀ ਤਰ੍ਹਾਂ ਵਿਗਾੜ ਚੁੱਕੇ ਹਾਂ ਅਤੇ ਹੁਣ ਬਣਾਉਟੀ ਜੀਵਨ ਸਰੋਤਾਂ ਸਹਾਰੇ ਜੀਵਨ ਦੀ ਆਸ ਲਗਾਈ ਬੈਠੇ ਹਾਂ। ਇਹੋ ਜਿਹੀਆਂ ਜ਼ਹਿਰੀਲੀਆਂ ਅਤੇ ਗਰਮ ਗੈਸਾਂ ਅਤੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਜੋ ਸਾਨੂੰ ਪਰਾਵੈਂਗਣੀ ਕਿਰਨਾਂ ਤੋਂ ਬਚਾਉਣ ਵਾਲੀ ‘ਓਜੋਨ ਦੀ ਪਰਤ’ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਧਰਤੀ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਵੱਧ ਰਿਹਾ ਹੈ। ਕੁਦਰਤ ਨਾਲ ਖਿਲਵਾੜ ਕਰਕੇ ਅਸੀਂ ਬਣਾਉਟੀ ਸਾਧਨਾਂ ਨਾਲ ਕਿੰਨੀ ਕੁ ਦੇਰ ਜੀਅ ਸਕਾਂਗੇ?
ਸਾਨੂੰ ਸੰਭਲ ਜਾਣਾ ਚਾਹੀਦਾ ਹੈ ਨਹੀਂ ਤਾਂ ਕੁਦਰਤ ਵਾਰ-ਵਾਰ ਮੌਕਾ ਨਹੀਂ ਦਿੰਦੀ। ਅਸੀਂ ਮੁਫ਼ਤ ਵਿਚ ਜੀਵਨ ਦਾਨ ਦੇਣ ਵਾਲੀ ਕੁਦਰਤ ਦੀ ਪ੍ਰਕਿਰਤੀ ਦਾ ਸਤਿਕਾਰ ਅਤੇ ਸੰਭਾਲ ਕਰੀਏ। ਸਾਡਾ ਜੀਵਨ ਅਜੋਕੇ ਆਧੁਨਿਕ ਸਾਧਨਾਂ, ਏਅਰ ਕੰਡੀਸ਼ਨਰਾਂ, ਮੋਟਰ ਕਾਰਾਂ, ਮਾਇਨਿੰਗ ਦੇ ਵਪਾਰਾਂ, ਭੂ-ਮਾਫ਼ੀਆ ਦੇ ਕੰਮਾਂ ਅਤੇ ਵੱਡੇ-ਵੱਡੇ ਉਸਾਰੇ ਜਾ ਰਹੇ ਕੰਕਰੀਟ ਦੇ ਜੰਗਲਾਂ ਵਿਚ ਨਹੀਂ ਹੈ, ਸਾਡਾ ਜੀਵਨ ਰੁੱਖਾਂ, ਹਵਾ, ਪਾਣੀ ਅਤੇ ਧਰਤੀ ਵਿਚ ਹੈ। ਇਨ੍ਹਾਂ ਨੂੰ ਨਾ ਸੰਭਾਲਿਆ ਤਾਂ ਇਤਿਹਾਸ ਦੇ ਵਰਕਿਆਂ ‘ਤੇ ਅਸੀਂ ਵੀ ਹੜੱਪਾ ਤੇ ਮੋਹੰਜੋਦੜੋ ਵਾਂਗ ਇਕ ਅਧਿਆਇ ਬਣ ਕੇ ਰਹਿ ਜਾਵਾਂਗੇ। ਕੁਦਰਤ-ਪੱਖੀ ਨਾ ਬਣੇ ਤਾਂ ਉਹ ਨਤੀਜਾ ਸਾਡੇ ਸਾਹਮਣੇ ਆਉਣ ਵਾਲਾ ਹੈ, ਜਿਸ ਤੋਂ ਭਗਤ ਪੂਰਨ ਸਿੰਘ ਸਾਨੂੰ ਚਾਰ-ਪੰਜ ਦਹਾਕੇ ਪਹਿਲਾਂ ਹੀ ਸੁਚੇਤ ਕਰਦੇ ਰਹੇ ਹਨ ਕਿ, ”ਧਰਤੀ ਰੇਤ ਦਾ ਮਾਰੂਥਲ ਹੋਣ ਤੋਂ ਤਾਂ ਹੀ ਬਚ ਸਕਦੀ ਹੈ ਜੇਕਰ ਮੈਦਾਨੀ ਇਲਾਕਿਆਂ ਦੀ ਧਰਤੀ 100 ਵਿਚੋਂ 21 ਹਿੱਸੇ ਦੇ ਹਿਸਾਬ ਨਾਲ ਰੁੱਖਾਂ ਨਾਲ ਕੱਜੀ ਰਹੇ ਤੇ ਪਹਾੜਾਂ ਦੀ ਧਰਤੀ 100 ਵਿਚੋਂ 66 ਹਿੱਸੇ ਦੇ ਹਿਸਾਬ ਨਾਲ ਰੁੱਖਾਂ ਨਾਲ ਕੱਜੀ ਰਹੇ। ਮਨੁੱਖ ਅਪਰਾਧ ਕਰਕੇ ਮਨੁੱਖਾਂ ਦੀ ਸਜ਼ਾ ਤੋਂ ਬਚ ਸਕਦਾ ਹੈ ਪਰ ਕੁਦਰਤ ਦੀ ਸਜ਼ਾ ਤੋਂ ਨਹੀਂ ਬਚ ਸਕਦਾ। ਟਰੱਕਾਂ ਤੇ ਰੇਲ ਗੱਡੀਆਂ ਬਣਾਉਣ ਵਾਲੇ ਮਸ਼ੀਨੀ ਯੁੱਗ ਦੀ ਉਮਰ ਢਾਈ ਸੌ ਸਾਲ ਤੋਂ ਘੱਟ ਹੈ।”

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …