
ਕਿਹਾ : ਵੋਟ ਚੋਰੀ ’ਚ ਭਾਜਪਾ ਨਾਲ ਮਿਲਿਆ ਚੋਣ ਕਮਿਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੇ ਚੋਣ ਕਮਿਸ਼ਨ ’ਤੇ ਸਵਾਲ ਚੁੱਕਦਿਆਂ ਵੱਡਾ ਦਾਅਵਾ ਕੀਤਾ ਹੈ। ਰਾਹੁਲ ਨੇ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦਾ ਹਵਾਲਾ ਦਿੰਦੇ ਹੋਏ ਆਰੋਪ ਲਗਾਇਆ ਕਿ ਵੋਟਰ ਸੂੁਚੀਆਂ ਵਿਚ ਵੱਡੇ ਪੱਧਰ ’ਤੇ ਹੇਰਾਫੇਰੀ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਇਆ ਗਿਆ। ਰਾਹੁਲ ਨੇ ‘ਵੋਟ ਚੋਰੀ’ ਦੇ ਸਿਰਲੇਖ ਹੇਠ ਮੀਡੀਆ ਅੱਗੇ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦੇ ਅੰਕੜੇ ਰੱਖਦੇ ਹੋਏ ਹੇਰਾਫੇਰੀ ਹੋਣ ਦਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ‘ਚੋਣ ਹੇਰਾਫੇਰੀ’ ਦੇ ਸਬੂਤ ਇਕੱਠੇ ਕਰਨ ਵਿਚ ਛੇ ਮਹੀਨਿਆਂ ਦਾ ਸਮਾਂ ਲੱਗਾ ਹੈ। ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ‘ਵੋਟ ਚੋਰੀ’ ਵਿਚ ਸ਼ਾਮਲ ਹੈ ਅਤੇ ਉਨ੍ਹਾਂ ਕੋਲ ਇੰਨੇ ਪੱਕੇ ਸਬੂਤ ਹਨ, ਜੋ ਐਟਮ ਬੰਬ ਵਾਂਗ ਹਨ। ਉਨ੍ਹਾਂ ਕਿਹਾ ਸੀ ਕਿ ਚੋਣ ਕਮਿਸ਼ਨ ਨੂੰ ਮੂੰਹ ਲੁਕਾਉਣ ਲਈ ਕੋਈ ਥਾਂ ਨਹੀਂ ਮਿਲੇਗੀ। ਇਸਦੇ ਚੱਲਦਿਆਂ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਆਰੋਪਾਂ ਨੂੰ ਬੇਬੁਨਿਆਦ ਅਤੇ ਨਿੰਦਣਯੋਗ ਕਰਾਰ ਦਿੱਤਾ ਸੀ।

