ਕਮਰਸ਼ੀਅਲ ਗੈਸ ਸਿਲੰਡਰ 100 ਰੁਪਏ ਹੋਇਆ ਮਹਿੰਗਾ
ਦਿੱਲੀ ’ਚ ਹੁਣ 1833 ਰੁਪਏ ਦਾ ਮਿਲੇਗਾ ਕਮਰਸ਼ੀਅਲ ਗੈਸ ਸਿਲੰਡਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਅੱਜ 1 ਨਵੰਬਰ ਨੂੰ ਤੇਲ ਕੰਪਨੀਆਂ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਹੈ ਪ੍ਰੰਤੂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਹੈ। ਜਿਸ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਨਵੀਂ ਕੀਮਤ 1833 ਰੁਪਏ ਹੋ ਗਈ ਹੈ, ਜੋ ਕਿ ਪਹਿਲਾਂ 1731 ਰੁਪਏ ਵਿਚ ਮਿਲਦਾ ਸੀ।
ਜੇਕਰ ਦੂਜੇ ਮਹਾਂਨਗਰਾਂ ਦੀ ਗੱਲ ਕਰੀਏ ਤਾਂ ਮੁੰਬਈ ’ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧ ਕੇ 1785 ਰੁਪਏ ਹੋ ਗਈ ਹੈ ਜਦਕਿ ਪਹਿਲਾਂ ਇਹ ਕੀਮਤ 1684 ਰੁਪਏ ਸੀ, ਉਥੇ ਹੀ ਕੋਲਕਾਤਾ ਵਿਚ 1943 ਰੁਪਏ ਅਤੇ ਚੇਨਈ ਵਿਚ 1999 ਰੁਪਏ 50 ਪੈਸੇ ਦਾ ਹੁਣ ਕਮਰਸ਼ੀਅਲ ਗੈਸ ਸਿਲੰਡਰ ਮਿਲੇਗਾ। ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ’ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 903 ਰੁਪਏ ਪ੍ਰਤੀ ਸਿਲੰਡਰ ਬਰਕਰਾਰ ਹੈ। ਧਿਆਨ ਰਹੇ ਕਿ ਲੰਘੇ ਮਹੀਨੇ ਵੀ ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋ ਗਿਆ ਸੀ, ਜਦਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।