ਕਿਹਾ – ਮੋਦੀ ਨੇ ਸਿਰਫ ਅੰਬਾਨੀ ਅਤੇ ਅਡਾਨੀਆਂ ਲਈ ਕੀਤਾ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਗੁਰਜੀਤ ਸਿੰਘ ਔਜਲਾ ਨੇ ਸੰਸਦ ਕੰਪਲੈਕਸ ਦੇ ਬਾਹਰ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਮੁੱਦੇ ਨੂੰ ਉਠਾਉਣ ਲਈ ਆਲੂ ਵੇਚ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਤੇਲਗੂਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਗਏ।
ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਦੀ ਅਗਵਾਈ ਕਰ ਰਹੇ ਜਾਖੜ ਨੇ ਕਿਹਾ ਕਿ ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ ਪਰ ਮੋਦੀ ਜੀ ਸਿਰਫ਼ ਅਡਾਨੀ ਤੇ ਅੰਬਾਨੀ ਲਈ ਕੰਮ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ 3500 ਕਰੋੜ ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ ਤੇ ਪ੍ਰਧਾਨ ਮੰਤਰੀ ਨੂੰ ਇਹ ਰਕਮ ਛੋਟੀ ਲੱਗਦੀ ਹੈ ਕਿਉਂਕਿ ਉਨ੍ਹਾਂ ਦੇ ਦੋਸਤ ਮਾਲਿਆ ਜਿਹੇ ਕਾਰੋਬਾਰੀ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਜਾਖੜ ਪੰਜਾਬ ਦੇ ਅਜਿਹੇ 4 ਲੱਖ 14 ਹਜ਼ਾਰ 275 ਕਿਸਾਨਾਂ ਦੇ ਕਾਗ਼ਜ਼ਾਂ ਦਾ ਬੰਡਲ ਲੈ ਕੇ ਸੰਸਦ ਪਹੁੰਚ ਗਏ, ਜਿਨ੍ਹਾਂ ਦੀ ਕਰਜ਼ ਮੁਆਫ਼ੀ ਕੈਪਟਨ ਸਰਕਾਰ ਨੇ ਕੀਤੀ ਹੈ। ਜਾਖੜ ਨੇ ਅਜਿਹਾ ਇਸ ਕਰਕੇ ਕੀਤਾ ਸੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਕਿਸੇ ਦਾ ਵੀ ਕਰਜ਼ਾ ਮੁਆਫ ਨਹੀਂ ਕੀਤਾ ਅਤੇ ਇਹ ਜਨਤਾ ਨੂੰ ਭਰਮਾ ਰਹੇ ਹਨ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …