Breaking News
Home / ਭਾਰਤ / ਦਿੱਲੀ ਸਿੱਖ ਕਤਲੇਆਮ ਨਾਲ ਸਬੰਧਤ ਸੱਤ ਕੇਸ ਮੁੜ ਖੋਲ੍ਹੇਗੀ ਐਸ ਆਈ ਟੀ

ਦਿੱਲੀ ਸਿੱਖ ਕਤਲੇਆਮ ਨਾਲ ਸਬੰਧਤ ਸੱਤ ਕੇਸ ਮੁੜ ਖੋਲ੍ਹੇਗੀ ਐਸ ਆਈ ਟੀ

ਕਮਲ ਨਾਥ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਨਾਲ ਜੁੜੇ ਕੇਸਾਂ ਦੀ ਮੁੜ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖਿਲਾਫ਼ ਦਰਜ ਕੇਸ ਸਮੇਤ ਸੱਤ ਕੇਸਾਂ ਦੀ ਜਾਂਚ ਮੁੜ ਖੋਲ੍ਹ ਦਿੱਤੀ ਹੈ। ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਸੱਜਣ ਕੁਮਾਰ ਤੋਂ ਬਾਅਦ ਸਿੱਖ ਕਤਲੇਆਮ ਮਾਮਲੇ ਵਿਚ ਅੰਦਰ ਜਾਣ ਵਾਲਾ ਜਾਂ ਗ੍ਰਿਫ਼ਤਾਰ ਹੋਣ ਵਾਲੇ ਵੱਡੇ ਕਾਂਗਰਸੀ ਆਗੂ ਦਾ ਅਗਲਾ ਨਾਂ ਕੀ ਕਮਲ ਨਾਥ ਹੋਵੇਗਾ। ਜ਼ਿਕਰਯੋਗ ਹੈ ਕਿ ਇੱਕ ਕੇਸ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਕਤਲੇਆਮ ਨਾਲ ਸਬੰਧਤ ਹੈ। ਕੇਸ ਮੁੜ ਖੁੱਲ੍ਹਣ ਨਾਲ ਕਮਲਨਾਥ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਸੱਤ ਕੇਸ ਵਸੰਤ ਵਿਹਾਰ, ਸਨ ਲਾਈਟ ਕਾਲੋਨੀ, ਕਲਿਆਣਪੁਰੀ, ਪਾਰਲੀਮੈਂਟ ਸਟਰੀਟ, ਕਨਾਟ ਪਲੇਸ, ਪਟੇਲ ਨਗਰ ਤੇ ਸ਼ਾਹਦਰਾ ਪੁਲਿਸ ਸਟੇਸ਼ਨਾਂ ਵਿੱਚ ਦਰਜ ਐਫ਼ਆਈਆਰਾਂ ਨਾਲ ਸਬੰਧਤ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖਿਲਾਫ ਦਰਜ ਕੇਸ (601/84) ਵਿੱਚ ਮੁਖਤਿਆਰ ਸਿੰਘ ਤੇ ਸਾਬਕਾ ਪੱਤਰਕਾਰ ਸੰਜੇ ਸੂਰੀ, ਦੋ ਗਵਾਹ ਹਨ। ਇਨ੍ਹਾਂ ਨੇ ਨਾਨਾਵਤੀ ਕਮਿਸ਼ਨ ਅੱਗੇ ਹਲਫੀਆ ਬਿਆਨ ਦਾਇਰ ਕਰ ਕੇ ਕਮਲਨਾਥ ਤੇ ਵਸੰਤ ਸਾਠੇ ਵੱਲੋਂ 1984 ਸਿੱਖ ਕਤਲੇਆਮ ਵਿੱਚ ਨਿਭਾਈ ਭੂਮਿਕਾ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਹਲਫੀਆ ਬਿਆਨਾਂ ‘ਚ ਦੱਸਿਆ ਕਿ ਕਿਵੇਂ ਕਮਲਨਾਥ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਜੂਮ ਨੂੰ ਹਦਾਇਤਾਂ ਦੇ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਕੇਸ ਤਕਨੀਕੀ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ ਤੇ ਕਮਲਨਾਥ ਦਾ ਨਾਮ ਜਾਣਬੁੱਝ ਕੇ ਬਾਹਰ ਰੱਖਿਆ ਗਿਆ। ਸੰਜੈ ਸੂਰੀ ਅੱਜਕੱਲ੍ਹ ਇੰਗਲੈਂਡ ਵਿੱਚ ਹੈ ਜਦੋਂਕਿ ਮੁਖਤਿਆਰ ਪਟਨਾ ਵਿੱਚ ਰਹਿੰਦਾ ਹੈ।
ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਮੰਗ ਕੀਤੀ ਕਿ ਸਿੱਟ ਵੱਲੋਂ ਕੇਸ ਮੁੜ ਖੋਲ੍ਹੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਕਮਲਨਾਥ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਲੈਣ। ਉਨ੍ਹਾਂ ਕਿਹਾ ਕਿ ਕਮਲਨਾਥ ਮੁੱਖ ਮੰਤਰੀ ਦੀ ਕੁਰਸੀ ‘ਤੇ ਹੁੰਦਿਆਂ ਜਾਂਚ ਦੇ ਕੰਮ ਨੂੰ ਪ੍ਰਭਾਵਿਤ ਅਤੇ ਗਵਾਹਾਂ ਨੂੰ ਧਮਕਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਦੋਵੇਂ ਗਵਾਹ ਸਿੱਟ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ, ਲਿਹਾਜ਼ਾ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ।
ਸਿਰਸਾ ਨੇ ਗਵਾਹਾਂ ਨੂੰ ਸਾਹਮਣੇ ਆਉਣ ਲਈ ਕਿਹਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਬੰਧਤ ਕੇਸ ਮੁੜ ਖੋਲ੍ਹੇ ਜਾਣ ਦਾ ਨੋਟਿਸ ਅਖ਼ਬਾਰਾਂ ਵਿੱਚ ਛਪਵਾ ਕੇ ਵਿਅਕਤੀਆਂ, ਸਮੂਹਾਂ, ਐਸੋਸੀਏਸ਼ਨਾਂ, ਸੰਸਥਾਵਾਂ ਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਕੇਸਾਂ ਸਬੰਧੀ ਕੋਈ ਵੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਨ।
ਸਿੱਖ ਕਤਲੇਆਮ ‘ਚ ਕਮਲਨਾਥ ਅਤੇ ਵਸੰਤ ਸਾਖੇ ਨੇ ਨਿਭਾਈ ਸੀ ਮੁੱਖ ਭੂਮਿਕਾ
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦੋ ਗਵਾਹਾਂ ਮੁਖਤਿਆਰ ਸਿੰਘ ਅਤੇ ਸਾਬਕਾ ਪੱਤਰਕਾਰ ਸੰਜੇ ਸੂਰੀ ਨੇ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਹਲਫਨਾਮਾ ਦਾਇਰ ਕਰਕੇ ਦੱਸਿਆ ਸੀ ਕਿ 1984 ਦੇ ਸਿੱਖ ਕਤਲੇਆਮ ਵਿਚ ਕਮਲਨਾਥ ਅਤੇ ਵਸੰਤ ਸਾਖੇ ਨੇ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਕਿਵੇਂ ਕਮਲਨਾਥ ਨੇ ਭੀੜ ਨੂੰ ਰਾਜਧਾਨੀ ਦਿੱਲੀ ਵਿਚ ਸਿੱਖਾਂ ਦੀ ਹੱਤਿਆ ਲਈ ਨਿਰਦੇਸ਼ ਦਿੱਤਾ ਸੀ। ਊਨ੍ਹਾਂ ਕਿਹਾ ਕਿ ਤਕਨੀਕੀ ਗੜਬੜ ਦੇ ਕਾਰਨ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਮਲਨਾਥ ਦਾ ਨਾਂ ਜਾਣ ਬੁਝ ਕੇ ਇਸ ਤੋਂ ਬਾਹਰ ਰੱਖਿਆ ਗਿਆ ਸੀ।
80 ਮਾਮਲੇ ਖੁੱਲ੍ਹ ਚੁੱਕੇ ਨੇ ਦੁਬਾਰਾ
ਗ੍ਰਹਿ ਮੰਤਰਾਲੇ ਦੀ ਸਿਫਾਰਸ਼ ‘ਤੇ 12 ਫਰਵਰੀ, 2015 ਨੂੰ ਐਸਆਈਟੀ ਗਠਿਤ ਹੋਈ ਸੀ। ਤਿੰਨ ਮੈਂਬਰਾਂ ਵਾਲੀ ਐਸਆਈਟੀ ਵਿਚ ਦੋ ਆਈਜੀ ਰੈਂਕ ਦੇ ਆਈਪੀਐਸ ਅਧਿਕਾਰੀ ਅਤੇ ਇਕ ਨਿਆਇਕ ਅਧਿਕਾਰੀ ਹੈ। ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ 650 ਵਿਚੋਂ 80 ਮਾਮਲਿਆਂ ਨੂੰ ਐਸਆਈਟੀ ਦੁਬਾਰਾ ਖੋਲ੍ਹ ਚੁੱਕੀ ਹੈ। ਸਬੂਤਾਂ ਦੀ ਘਾਟ ਕਾਰਨ ਦਿੱਲੀ ਪੁਲਿਸ ਨੇ 241 ਮਾਮਲੇ ਬੰਦ ਕਰ ਦਿੱਤੇ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …