14.3 C
Toronto
Thursday, September 18, 2025
spot_img
Homeਭਾਰਤਭ੍ਰਿਸ਼ਟਾਚਾਰ ਦੇ ਆਰੋਪਾਂ ਹੇਠ ਈਡੀ ਵੱਲੋਂ ਤਾਮਿਲਨਾਡੂ ਦਾ ਮੰਤਰੀ ਗ੍ਰਿਫਤਾਰ

ਭ੍ਰਿਸ਼ਟਾਚਾਰ ਦੇ ਆਰੋਪਾਂ ਹੇਠ ਈਡੀ ਵੱਲੋਂ ਤਾਮਿਲਨਾਡੂ ਦਾ ਮੰਤਰੀ ਗ੍ਰਿਫਤਾਰ

ਮੁੱਖ ਮੰਤਰੀ ਸਟਾਲਿਨ ਨੇ ਭਾਜਪਾ ‘ਤੇ ਬਦਲਾਖੋਰੀ ਦੀ ਸਿਆਸਤ ਦਾ ਆਰੋਪ ਲਾਇਆ
ਚੇਨਈ/ਬਿਊਰੋ ਨਿਊਜ਼ : ਐਨਫਰੋਸਮੈਂਟ ਡਾਇਰੈਕਟੋਰੇਟ (ਈਡੀ) ਨੇ ਭ੍ਰਿਸ਼ਟਾਚਾਰ ਦੇ ਆਰੋਪ ਹੇਠ ਤਾਮਿਲਨਾਡੂ ਦੇ ਬਿਜਲੀ ਅਤੇ ਆਬਕਾਰੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਉਹ ਐੱਮ ਕੇ ਸਟਾਲਿਨ ਦੀ ਅਗਵਾਈ ਹੇਠਲੀ ਕੈਬਨਿਟ ਦੇ ਪਹਿਲੇ ਮੰਤਰੀ ਬਣ ਗਏ ਹਨ ਜਿਨ੍ਹਾਂ ਖਿਲਾਫ ਕੇਂਦਰੀ ਜਾਂਚ ਏਜੰਸੀ ਨੇ ਕਾਰਵਾਈ ਕੀਤੀ ਹੈ।
ਸੂਤਰਾਂ ਨੇ ਕਿਹਾ ਕਿ ਬਾਲਾਜੀ ਨੂੰ ਲੰਬੀ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਦੇ ਤੁਰੰਤ ਮਗਰੋਂ ਤਬੀਅਤ ਵਿਗੜਨ ‘ਤੇ ਉਸ ਨੂੰ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿਥੇ ਐਂਜੀਓਗ੍ਰਾਫੀ ਮਗਰੋਂ ਉਸ ਨੂੰ ਫੌਰੀ ਬਾਈਪਾਸ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਗਈ ਹੈ। ਸਥਾਨਕ ਅਦਾਲਤ ਨੇ ਬਾਅਦ ‘ਚ ਉਸ ਨੂੰ 28 ਜੂਨ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਵੱਖਰੇ ਤੌਰ ‘ਤੇ ਮਦਰਾਸ ਹਾਈ ਕੋਰਟ ‘ਚ ਇਕ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕਰਕੇ ਉਸ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਮੰਗ ਕੀਤੀ ਗਈ।
ਮੁੱਖ ਮੰਤਰੀ ਸਟਾਲਿਨ ਨੇ, ਜਿਨ੍ਹਾਂ ਬਾਲਾਜੀ ਖਿਲਾਫ ਮੰਗਲਵਾਰ ਨੂੰ ਈਡੀ ਛਾਪੇ ਦੀ ਆਲੋਚਨਾ ਕੀਤੀ ਸੀ, ਹਸਪਤਾਲ ‘ਚ ਆਪਣੇ ਕੈਬਨਿਟ ਸਾਥੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਭਾਜਪਾ ‘ਤੇ ਸਿਆਸੀ ਹਮਲੇ ਤੇਜ਼ ਕਰਦਿਆਂ ਕਿਹਾ ਕਿ ਮੰਤਰੀ ਦੇ ਨਾਲ ਨਾਲ ਡੀਐੱਮਕੇ ਪਾਰਟੀ ਵੱਲੋਂ ਕਾਨੂੰਨੀ ਤੌਰ ‘ਤੇ ਕੇਸ ਲੜਿਆ ਜਾਵੇਗਾ।
ਉਨ੍ਹਾਂ ਈਡੀ ਅਧਿਕਾਰੀਆਂ ‘ਤੇ ਆਰੋਪ ਲਾਇਆ ਕਿ ਜਾਂਚ ਦੇ ਨਾਮ ‘ਤੇ ਉਨ੍ਹਾਂ ਡਰਾਮਾ ਕੀਤਾ ਅਤੇ ਬਾਲਾਜੀ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ।
ਡੀਐੱਮਕੇ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰੀ ਨਾਲ ਸਬੰਧਤ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਅਤੇ ਅੰਨਾ ਡੀਐੱਮਕੇ ਦੇ ਮੁਖੀ ਕੇ ਪਲਾਨੀਸਵਾਮੀ ਨੇ ਬਾਲਾਜੀ ਦਾ ਨੈਤਿਕ ਆਧਾਰ ‘ਤੇ ਅਸਤੀਫ਼ਾ ਮੰਗਿਆ ਹੈ। ਭਾਜਪਾ ਦੀ ਪ੍ਰਦੇਸ਼ ਇਕਾਈ ਨੇ ਬਦਲਾਖੋਰੀ ਦੇ ਲਾਏ ਗਏ ਆਰੋਪਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਨੌਕਰੀ ਬਦਲੇ ਨਕਦੀ ਘੁਟਾਲੇ ਦੀ ਜਾਂਚ ਦੌਰਾਨ ਈਡੀ ਨੂੰ ਬਾਲਾਜੀ ਦੀ ਸ਼ਮੂਲੀਅਤ ਦਾ ਪਤਾ ਲੱਗਾ ਸੀ।
ਏਜੰਸੀ ਨੇ ਸੂਬੇ ‘ਚ ਮੰਗਲਵਾਰ ਨੂੰ ਕਈ ਥਾਵਾਂ ‘ਤੇ ਛਾਪੇ ਮਾਰੇ ਸਨ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਸੁਪਰੀਮ ਕੋਰਟ ਨੇ ਕੁਝ ਮਹੀਨੇ ਪਹਿਲਾਂ ਬਾਲਾਜੀ ਖਿਲਾਫ ਪੁਲਿਸ ਅਤੇ ਈਡੀ ਜਾਂਚ ਦੀ ਇਜਾਜ਼ਤ ਦਿੱਤੀ ਸੀ।
ਡੀਐੱਮਕੇ ਆਗੂਆਂ ਨੇ ਕਿਹਾ ਕਿ ਬਾਲਾਜੀ ਨੂੰ ਬੁੱਧਵਾਰ ਤੜਕੇ ਛਾਤੀ ‘ਚ ਤਕਲੀਫ਼ ਹੋਣ ‘ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਕ ਹੋਰ ਮੰਤਰੀ ਪੀ ਕੇ ਸ਼ੇਖਰ ਬਾਬੂ ਨੇ ਦਾਅਵਾ ਕੀਤਾ ਕਿ ਬਾਲਾਜੀ ‘ਤੇ ਤਸ਼ੱਦਦ ਦੇ ਨਿਸ਼ਾਨ ਮਿਲੇ ਹਨ।

RELATED ARTICLES
POPULAR POSTS