Breaking News
Home / ਪੰਜਾਬ / ਦਿਨ ਉਹ ਨਾ ਰਹੇ : ਹੋਰ ਧਾਤਾਂ ਦੇ ਬਰਤਨਾਂ ਤੋਂ ਵਧ ਕੇ ਸੀ ਪਿੱਤਲ ਦਾ ਦੌਰ ਪਰ ਅੱਜ ਸਭ ਕੁਝ ਬਦਲ ਚੁੱਕਾ

ਦਿਨ ਉਹ ਨਾ ਰਹੇ : ਹੋਰ ਧਾਤਾਂ ਦੇ ਬਰਤਨਾਂ ਤੋਂ ਵਧ ਕੇ ਸੀ ਪਿੱਤਲ ਦਾ ਦੌਰ ਪਰ ਅੱਜ ਸਭ ਕੁਝ ਬਦਲ ਚੁੱਕਾ

ਕਦੇ ਹੁੰਦੀ ਸੀ ਪਿੱਤਲ ਤੇ ਤਾਂਬੇ ਦੇ ਭਾਂਡਿਆਂ ਦੀ ਸਰਦਾਰੀ
ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਏ ਨੇ ਪਿੱਤਲ ਦੇ ਭਾਂਡੇ ਅਤੇ ਗੀਤਾਂ ਤੱਕ ਹੀ ਸੀਮਤ ਰਹਿ ਗਿਆ ਭਾਂਡੇ ਕਲੀ ਕਰਵਾਉਣਾ
ਕੂੰਮ ਕਲਾਂ/ਬਿਊਰੋ ਨਿਊਜ਼
ਜਦੋਂ ਤੋਂ ਮਨੁੱਖ ਨੇ ਸਮਾਜ ਵਿਚ ਰਹਿਣਾ ਸ਼ੁਰੂ ਕੀਤਾ, ਉਦੋਂ ਤੋਂ ਉਸ ਨੇ ਕਈ ਤਰ੍ਹਾਂ ਦੇ ਰੂਪ ਵਿਚ ਭਾਂਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪੱਤਿਆਂ ਦੇ ਤੀਲ੍ਹੇ ਪਰੋ ਕੇ ਬਣੇ ਭਾਂਡਿਆਂ ਤੋਂ ਲੈ ਕੇ ਕਈ ਧਾਤਾਂ ਦੇ ਨਾਲ-ਨਾਲ ਪਿੱਤਲ ਦੇ ਭਾਂਡਿਆਂ ਤੱਕ ਦਾ ਜ਼ਿਕਰ ਸਾਡੇ ਇਤਿਹਾਸ ਵਿਚ ਮਿਲਦਾ ਹੈ।
ਪਿੱਤਲ ਦੇ ਭਾਂਡਿਆਂ ਦਾ ਰੰਗ ਸੋਲੇ ਵਰਗਾ ਪੀਲਾ ਤੇ ਚਮਕਦਾਰ ਹੋਣ ਕਾਰਨ ਹਰੇਕ ਦੇ ਮਨ ਨੂੰ ਖਿੱਚ ਪਾਉਣ ਵਾਲਾ ਹੁੰਦਾ ਸੀ। ਮੱਧਵਰਗੀ ਲੋਕਾਂ ਵਲੋਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਗਰੀਬ ਤਬਕੇ ਦੇ ਲੋਕ ਮਿੱਟੀ ਦੇ ਭਾਂਡਿਆਂ ਦੀ ਹੀ ਜ਼ਿਆਦਾ ਵਰਤੋਂ ਕਰਦੇ ਸਨ। ਪਿੱਤਲ ਦੇ ਭਾਂਡਿਆਂ ‘ਚ ਘਰੇਲੂ ਵਰਤੋਂ ‘ਚ ਆਉਣ ਵਾਲੀਆਂ ਵਸਤਾਂ ਪਰਾਤਾਂ, ਪਤੀਲੇ-ਪਤੀਲੀਆਂ, ਥਾਲ-ਥਾਲੀਆਂ, ਬਾਟੇ-ਬਾਟੀਆਂ, ਛੋਟੇ-ਵੱਡੇ ਗਲਾਸ, ਕੜਛੇ-ਕੜਛੀਆਂ, ਗੰਗਾ ਸਾਗਰ, ਵਲਟੋਹੀਆਂ- ਵਲਟੋਹੇ, ਦੇਗੇ, ਡੋਲੂ, ਤੁੱਛਕ, ਸੁਰਾਹੀਆਂ, ਜੱਗ, ਡੋਹਨੇ, ਚਮਚੇ, ਖੁਰਚਣੇ, ਝਰਨੀਆਂ ਤੇ ਕਰਮੰਡਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਸਮਾਂ ਦੇ ਭਾਂਡੇ ਪਿੱਤਲ ਦੇ ਬਣ ਕੇ ਆਉਂਦੇ ਸਨ। ਇਸ ਤੋਂ ਇਲਾਵਾ ਫੁਲਦਾਨ, ਸ਼ੋਅਦਾਨ, ਸੁਰਮੇਦਾਨੀਆਂ, ਸ਼ੋਅਪੀਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਵੰਨਗੀਆਂ ਵਿਚ ਅਜਿਹੀਆਂ ਵਸਤਾਂ ਮਿਲਦੀਆਂ ਹਨ। ਪਿਛਲੇ 30-40 ਸਾਲਾਂ ਤੋਂ ਜਿੱਥੇ ਕਾਂਸੀ, ਤਾਂਬੇ ਤੇ ਭਰਤ ਦੇ ਭਾਂਡਿਆਂ ਦੀ ਵਰਤੋਂ ਬਿਲਕੁਲ ਬੰਦ ਹੋ ਗਈ ਹੈ ਅਤੇ ਦੇਖਣ ਨੂੰ ਵੀ ਨਹੀਂ ਮਿਲਦੇ, ਉਥੇ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਵੀ ਬਿਲਕੁਲ ਘਟ ਗਈ ਹੈ। ਫਿਰ ਵੀ ਲੋਕਾਂ ਵਲੋਂ ਦੁੱਖ-ਸੁੱਖ ‘ਚ ਇਨ੍ਹਾਂ ਦਾ ਅਦਾਨ-ਪ੍ਰਦਾਨ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ।
ਦਾਜ ‘ਚ ਅੱਜ ਵੀ ਦਿੱਤੇ ਜਾਂਦੇ ਨੇ ਪਿੱਤਲ ਦੇ ਭਾਂਡੇ : ਸਮਾਜਿਕ ਤੌਰ ‘ਤੇ ਪਿੱਤਲ ਦੇ ਭਾਂਡਿਆਂ ਨੂੰ ਧੀਆਂ-ਧਿਆਣੀਆਂ ਦੇ ਵਿਆਹਾਂ ਸਮੇਂ ਦਾਜ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਭਾਂਡਿਆਂ ਦੀ ਗਿਣਤੀ ਆਪੋ ਆਪਣੇ ਵਿੱਤ ਅਨੁਸਾਰ ਪੰਜ ਭਾਂਡਿਆਂ ਤੋਂ ਲੈ ਕੇ 501 ਤੱਕ ਦਿੱਤੀ ਜਾਂਦੀ ਹੈ। ਇਨ੍ਹਾਂ ਭਾਂਡਿਆਂ ਵਿਚ ਆਮ ਤੌਰ ‘ਤੇ ਵੱਡੇ ਭਾਂਡਿਆਂ ਵਿਚ ਘਰੇਲੂ ਲੋੜਾਂ ਮੁਤਾਬਕ ਪਿੱਤਲ ਦੀ ਪਰਾਤ, ਬਾਲਟੀ, ਕੌਲੀਆਂ, ਗਲਾਸ ਤੇ ਥਾਲ ਦਿੱਤੇ ਜਾਂਦੇ ਸਨ। ਕਿਸੇ ਵੱਡੇ ਬਜ਼ੁਰਗ ਦੀ ਮੌਤ ਸਮੇਂ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪਿੱਤਲ ਦੇ ਭਾਂਡੇ ਦਿੱਤੇ ਜਾਂਦੇ ਸਨ, ਜਿਸ ਨੂੰ ਕਿ ਬਜ਼ੁਰਗ ਨੂੰ ਵੱਡਾ ਕਰਨਾ ਕਿਹਾ ਜਾਂਦਾ ਹੈ।
ਕਲੀ ਕਰਨ ਵਾਲਿਆਂ ਦਾ ਰੁਜ਼ਗਾਰ ਗਿਆ
ਸਦੀਆਂ ਤੋਂ ਚੱਲੀ ਆ ਰਹੀ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਾਰਨ ਇਨ੍ਹਾਂ ਭਾਂਡਿਆਂ ਨੂੰ ਸਾਲ, ਛੇ ਮਹੀਨੇ ਬਾਅਦ ਕਲੀ ਕਰਵਾਉਣਾ ਪੈਂਦਾ ਸੀ ਕਿਉਂਕਿ ਬਿਨਾ ਕਲੀ ਕੀਤੇ ਪਿੱਤਲ ਦੇ ਭਾਂਡੇ ਵਿਚ ਪਾਣੀ, ਚਾਹ ਅਤੇ ਕੱਚਾ ਦੁੱਧ ਤਾਂ ਪੀਤਾ ਜਾ ਸਕਦਾ ਸੀ ਪਰ ਨਮਕ ਵਾਲੀ ਸਬਜ਼ੀ, ਨਿੰਬੂ ਵਾਲੀ ਸ਼ਿਕੰਜਵੀ, ਲੱਸੀ ਤੇ ਦਹੀਂ ਆਦਿ ਦੀ ਵਰਤੋਂ ਨਹੀਂ ਸੀ ਕੀਤੀ ਜਾ ਸਕਦੀ। ਇਸ ਕਰਕੇ ਇਨ੍ਹਾਂ ਭਾਂਡਿਆਂ ਨੂੰ ਅੰਦਰੋਂ ਕਲੀ ਕਰਵਾਈ ਜਾਂਦੀ ਸੀ, ਜਿਹੜੀ ਕਿ ਲਗਭਗ 1 ਸਾਲ ਤੱਕ ਚੱਲ ਜਾਂਦੀ ਸੀ। ਭਾਂਡੇ ਕਲੀ ਕਰਨ ਵਾਲਿਆਂ ਕੋਲ ਵੱਖੋ-ਵੱਖਰੇ ਪਿੰਡ ਪੱਕੇ ਤੌਰ ‘ਤੇ ਸਾਂਭੇ ਹੁੰਦੇ ਸੀ, ਜਿਹੜੇ ਕਿ ਸਮੇਂ ਅਨੁਸਾਰ ਖਾਸ ਕਰਕੇ ਦੀਵਾਲੀ ਤੋਂ ਪਹਿਲਾਂ ਪਿੰਡ ਦੀ ਸਾਂਝੀ ਥਾਂ ‘ਤੇ ਆ ਕੇ ਆਪਣੀ ਭੱਠੀ ਗੱਡ ਲੈਂਦੇ ਅਤੇ ਲੋਕਾਂ ਨੂੰ ਪਤਾ ਲੱਗਣ ‘ਤੇ ਉਹ ਆਪਣੇ ਆਪ ਪਿੱਤਲ ਦੇ ਭਾਂਡੇ ਦੇ ਜਾਂਦੇ ਅਤੇ ਸ਼ਾਮ ਨੂੰ ਲੈ ਕੇ ਜਾਂਦੇ, ਪਰ ਹੁਣ ਪਿੱਤਲ ਦੇ ਭਾਂਡਿਆਂ ਦੇ ਨਾਲ-ਨਾਲ ਇਨ੍ਹਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਕਲੀ ਕਰਨ ਵਾਲਿਆਂ ਵਲੋਂ ਪਿੱਤਲ ਦੀਆਂ ਪਰਾਤਾਂ ਨੂੰ ਪੌੜ ਵੀ ਲਗਾਏ ਜਾਂਦੇ ਸਨ ਪਰ ਹੁਣ ਇਹ ਸਭ ਕੁਝ ਖਤਮ ਹੋ ਚੁੱਕਾ ਹੈ।
ਭੰਗੀਆਂ ਦੀ ਤੋਪ ਦਾ ਸਬੰਧ ਵੀ ਪਿੱਤਲ ਤੇ ਤਾਂਬੇ ਨਾਲ
ਇਤਿਹਾਸ ਅਨੁਸਾਰ ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰ ਹਿੰਦੋਸਤਾਨ ‘ਤੇ ਹਮਲੇ ਕੀਤੇ। ਉਸ ਨੇ ਜਿੱਥੇ ਭਾਰਤ ਦੇ ਲੋਕਾਂ ਦੇ ਸੋਨੇ, ਚਾਂਦੀ ਦੇ ਗਹਿਣੇ ਅਤੇ ਹੋਰ ਅਮੀਰ ਲੋਕਾਂ ਤੋਂ ਹੀਰੇ ਜਵਾਹਰਾਤ ਲੁੱਟੇ, ਉਥੇ ਉਹ ਆਮ ਲੋਕਾਂ ਤੋਂ ਪਿੱਤਲ ਦੇ ਭਾਂਡੇ ਵੀ ਲੁੱਟ ਕੇ ਲੈ ਗਿਆ। ਅਬਦਾਲੀ ਦੇ ਹੁਕਮ ਅਨੁਸਾਰ ਉਸਦੇ ਪ੍ਰਧਾਨ ਮੰਤਰੀ ਸ਼ਾਹ ਵਲੀ ਖਾਨ ਨੇ ਲਾਹੌਰ ਦੇ ਹਿੰਦੂਆਂ ਦੇ ਘਰਾਂ ਵਿਚੋਂ ਜ਼ਜ਼ੀਆ ਵਸੂਲਣ ਵਜੋਂ ਪਿੱਤਲ ਤੇ ਤਾਂਬੇ ਦੇ ਬਰਤਨ ਵੀ ਵਸੂਲ ਲਏ। ਇਨ੍ਹਾਂ ਭਾਂਡਿਆਂ ਨੂੰ ਪਿਘਲਾ ਕੇ ਅਹਿਮਦ ਸ਼ਾਹ ਨੇ ਆਪਣੀ ਫੌਜ ਲਈ ਇਕ ਵੱਡੀ ਪਿੱਤਲ ਦੀ ਤੋਪ ਤਿਆਰ ਕੀਤੀ ਸੀ, ਜਿਸ ਨੂੰ ‘ਜਮਜਮਾ ਤੋਪ’ ਵੀ ਕਿਹਾ ਜਾਂਦਾ ਸੀ। ਮਗਰੋਂ ਇਹ ਤੋਪ ਸਿੱਖ ਮਿਸਲਾਂ ‘ਚੋਂ ਇਕ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਭੰਗੀ ਨੇ ਦਰਾਨੀਆ ਤੋਂ ਖੋਹ ਲਈ ਅਤੇ ਇਸ ਦੀ ਵਰਤੋਂ ਨਾਲ ਹੀ ਮੁਗਲ ਪਠਾਣਾਂ ਵਿਰੁੱਧ ਜੰਗ ਲੜੀ, ਜਿਸ ਕਰਕੇ ਇਸ ਤੋਪ ਦਾ ਨਾਂ ਜਮਜਮਾ ਤੋਂ ‘ਭੰਗੀਆਂ ਦੀ ਤੋਪ’ ਪੈ ਗਿਆ। ਬਾਅਦ ਵਿਚ ਇਹ ਤੋਪ ਮਹਾਰਾਜਾ ਰਣਜੀਤ ਸਿੰਘ ਵਲੋਂ ਕਈ ਜੰਗਾਂ ਵਿਚ ਵਰਤੀ ਗਈ ਅਤੇ ਅੱਜ ਕੱਲ੍ਹ ਪਾਕਿਸਤਾਨ ਵਿਚ ਲਾਹੌਰ ਵਿਖੇ ਮਾਲ ਰੋਡ ‘ਤੇ ਸਥਾਪਿਤ ਕੀਤੀ ਗਈ ਹੈ।

 

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …