ਸਿਆਸੀ ਆਗੂਆਂ ਵੱਲੋਂ ਪ੍ਰਾਜੈਕਟ ਦਾ ਸਿਹਰਾ ਆਪੋ-ਆਪਣੇ ਸਿਰ ਲੈਣ ਦੀਆਂ ਕੋਸ਼ਿਸ਼ਾਂ
ਫਿਰੋਜ਼ਪੁਰ/ਬਿਊਰੋ ਨਿਊਜ਼ : ਪੀਜੀਆਈ ਚੰਡੀਗੜ੍ਹ ਨੇ ਫਿਰੋਜ਼ਪੁਰ ‘ਚ ਆਪਣੇ ਸੈਟੇਲਾਈਟ ਸੈਂਟਰ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਟੈਂਡਰ ਜਾਰੀ ਕਰ ਦਿੱਤਾ ਹੈ। ਸੌ ਬਿਸਤਰਿਆਂ ਦੇ ਇਸ ਹਸਪਤਾਲ ਦੀ ਉਸਾਰੀ ਨੂੰ 233.55 ਕਰੋੜ ਰੁਪਏ ਦੀ ਲਾਗਤ ਨਾਲ ਦੋ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਟੈਂਡਰ ਨੋਟਿਸ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਪ੍ਰਾਜੈਕਟ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਟੈਂਡਰ ਨੋਟਿਸ ਨਾਲ ਆਪਣੀ ਤੇ ਭਾਜਪਾ ਦੇ ਕੌਮੀ ਆਗੂਆਂ ਦੀਆਂ ਤਸਵੀਰਾਂ ਲਾ ਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ। ਉਨ੍ਹਾਂ ਇਸ ਪ੍ਰਾਜੈਕਟ ਨੂੰ ਭਾਜਪਾ ਦੀ ਦੇਣ ਕਿਹਾ ਹੈ। ਇਸ ਤੋਂ ਕੁਝ ਚਿਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰੈੱਸ ਨੋਟ ਜਾਰੀ ਕਰਕੇ ਇਹ ਪ੍ਰਾਜੈਕਟ ਲਿਆਉਣ ਅਤੇ ਸ਼ੁਰੂ ਕਰਵਾਉਣ ‘ਚ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਬਾਰੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਅਕਾਲੀ ਦਲ ਸਰਕਾਰ ਨੇ ਸਾਲ 2016 ਵਿੱਚ ਇਸ ਪ੍ਰਾਜੈਕਟ ਵਾਸਤੇ 27.5 ਏਕੜ ਜ਼ਮੀਨ ਦੇ ਦਿੱਤੀ ਸੀ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕਾਰਨ ਪ੍ਰਾਜੈਕਟ ਵਿੱਚ ਦੇਰੀ ਹੋਈ। ਇਸ ਮਗਰੋਂ ਉਨ੍ਹਾਂ ਕੇਂਦਰ ਸਰਕਾਰ ਕੋਲ ਪੈਰਵੀ ਕੀਤੀ ਤੇ ਹੁਣ ਪ੍ਰਾਜੈਕਟ ਸ਼ੁਰੂ ਹੋ ਰਿਹਾ ਹੈ।
ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਯਤਨਾਂ ਸਦਕਾ ਪੀਜੀਆਈ ਸੈਂਟਰ ਦਾ ਕਈ ਸਾਲਾਂ ਤੋਂ ਲਟਕਿਆ ਪ੍ਰਾਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਦੀ ਸ਼ੁਰੂਆਤ ਲਈ ਕੁਝ ਆਗੂ ਸਿਆਸਤ ਕਰ ਰਹੇ ਸਨ ਪਰ ਅਸਲੀਅਤ ਵਿੱਚ ਕਿਸੇ ਨੇ ਕੁਝ ਨਹੀਂ ਕੀਤਾ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਵਾਸਤੇ ਫਿਰੋਜ਼ਪੁਰ ਆਉਣਾ ਸੀ ਪਰ ਕੁਝ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਇੱਥੋਂ ਦਸ ਕਿਲੋਮੀਟਰ ਪਿੱਛੋਂ ਹੀ ਮੁੜ ਗਏ ਸਨ।