18 C
Toronto
Monday, September 15, 2025
spot_img
Homeਪੰਜਾਬਕੈਪਟਨ ਅਮਰਿੰਦਰ ਨੇ ਪੰਜਾਬ 'ਚ ਡੀਜੀਪੀ ਵੀ ਪਾਕਿ ਦੇ ਕਹਿਣ 'ਤੇ ਲਗਾਇਆ...

ਕੈਪਟਨ ਅਮਰਿੰਦਰ ਨੇ ਪੰਜਾਬ ‘ਚ ਡੀਜੀਪੀ ਵੀ ਪਾਕਿ ਦੇ ਕਹਿਣ ‘ਤੇ ਲਗਾਇਆ ਸੀ ; ਭਗਵੰਤ ਮਾਨ ਦਾ ਆਰੋਪ

ਭਗਵੰਤ ਨੇ ਨਵਜੋਤ ਸਿੱਧੂ ਨੂੰ ਵੀ ਦਿੱਤੀ ਨਸੀਹਤ
ਮੁਹਾਲੀ : ਆਮ ਆਦਮੀ ਪਾਰਟੀ ਦੇ ਪੰਜਾਬ ‘ਚ ਸੀਐਮ ਚਿਹਰਾ ਭਗਵੰਤ ਮਾਨ ਨੇ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਲੰਘੇ ਕੱਲ੍ਹ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਚ ਜਿਹੜੀ ਬੇਅਦਬੀ ਦੀ ਘਟਨਾ ਹੋਈ ਹੈ, ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼ ਹੈ ਅਤੇ ਇਸ ਘਟਨਾ ਪਿੱਛੇ ਮਾਸਟਰ ਮਾਈਂਡ ਕੋਈ ਹੋਰ ਹੈ। ਇਸ ਤੋਂ ਬਾਅਦ ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਵੀ ਸਿਆਸੀ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜੇਕਰ ਇੱਜ਼ਤ ਕਰਵਾਉਣੀ ਹੈ ਤਾਂ ਪਹਿਲਾਂ ਕਰਨੀ ਸਿੱਖੋ। ਭਗਵੰਤ ਮਾਨ ਨੇ ਕਾਂਗਰਸ ਨੂੰ ਕਿਹਾ ਕਿ ਉਹ ਵੀ ਸੀਐਮ ਚਿਹਰੇ ਲਈ ਪੰਜਾਬ ‘ਚ ਲੋਕਾਂ ਦੀ ਰਾਏ ਲੈ ਕੇ ਦੇਖ ਲਵੇ। ਇਸ ਮੌਕੇ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕੈਪਟਨ ਨੇ ਪੰਜਾਬ ਵਿਚ ਡੀਜੀਪੀ ਅਤੇ ਚੀਫ ਸੈਕਟਰੀ ਵੀ ਪਾਕਿਸਤਾਨ ਦੇ ਕਹਿਣ ‘ਤੇ ਹੀ ਲਗਾਇਆ ਸੀ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਬਿਕਰਮ ਮਜੀਠੀਆ ਮਾਮਲੇ ਵਿਚ ਕਾਂਗਰਸ ਪਾਰਟੀ ਦੀ ਮਿਲੀਭੁਗਤ ਹੈ ਅਤੇ ਮਜੀਠੀਆ ਦੀ ਗ੍ਰਿਫਤਾਰੀ ਨਾਲ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣਾ। ਉਨ੍ਹਾਂ ਇਹ ਵੀ ਕਿਹਾ ਕਿ ਮਜੀਠੀਆ ਮਾਮਲੇ ‘ਤੇ ਪੰਜਾਬ ਸਰਕਾਰ ਕਿੰਨੀ ਕੁ ਗੰਭੀਰ ਹੈ, ਇਹ ਉਸ ‘ਤੇ ਹੀ ਨਿਰਭਰ ਕਰਦਾ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪਾਕਿਸਤਾਨ ਤੋਂ ਸਿਫ਼ਾਰਸ਼ ਆਉਣ ਦੇ ਕੀਤੇ ਖ਼ੁਲਾਸੇ ਬਾਰੇ ਸਵਾਲ ਕੀਤਾ ਕਿ ਜੇ ਕੈਪਟਨ ਨੂੰ ਇਸ ਬਾਰੇ ਪਾਕਿਸਤਾਨ ਤੋਂ ਫੋਨ ਅਤੇ ਮੈਸੇਜ ਆਏ ਸਨ ਤਾਂ ਹੁਣ ਤੱਕ ਉਨ੍ਹਾਂ ਇਹ ਗੱਲ ਲੁਕਾ ਕੇ ਕਿਉਂ ਰੱਖੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਂ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਘਰ ਵਿੱਚ ਰਹਿੰਦਾ ਰਿਹਾ। ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਕੈਪਟਨ ਆਪਣੇ ਸਿਸਵਾਂ ਫਾਰਮ ਹਾਊਸ ਵਿੱਚ ਲੱਗੇ ਸੀਤਾਫਲ ਅਤੇ ਚੀਕੂ ਦੀ ਰਖਵਾਲੀ ਕਰਵਾਉਂਦੇ ਸਨ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੈਪਟਨ ਪਾਕਿਸਤਾਨ ਦੇ ਨਾਂ ਦਾ ਸਹਾਰਾ ਲੈ ਰਹੇ ਹਨ।
’20 ਫਰਵਰੀ ਨੂੰ ਨਵੀਂ ਇਬਾਰਤ ਲਿਖਣਗੇ ਪੰਜਾਬ ਦੇ ਵਾਸੀ’
ਮੁਹਾਲੀ : ਪੰਜਾਬ ਵਿਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਸਿਆਸੀ ਪਾਰਟੀਆਂ ਦੇ ਆਗੂ ਆਪੋ ਆਪਣੇ ਹਿਸਾਬ ਨਾਲ ਜਨਤਾ ਨਾਲ ਵਾਅਦੇ ਕਰ ਰਹੇ ਹਨ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ‘ਚ ਸੀਐਮ ਚਿਹਰਾ ਭਗਵੰਤ ਮਾਨ ਨੇ ਮੁਹਾਲੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵਾਸੀ 20 ਫਰਵਰੀ ਨੂੰ ਨਵੀਂ ਇਬਾਰਤ ਲਿਖਣਗੇ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਡਰੱਗ ਟਾਸਕ ਫੋਰਸ ਬਣਾਈ ਜਾਵੇਗੀ ਅਤੇ ਪੰਜਾਬ ਪੁਲਿਸ ਨੂੰ ਫਰੀ ਹੈਂਡ ਦਿਆਂਗੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਐਮ.ਐਲ.ਏ. ਜਾਂ ਮੰਤਰੀ ਥਾਣੇ ਵਿਚ ਗਲਤ ਸਿਫਾਰਸ਼ ਕਰੇਗਾ ਤਾਂ ਅਸੀਂ ਉਸ ਖਿਲਾਫ ਕਾਰਵਾਈ ਵੀ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਸ ਵਿਚ ਲੜ ਰਹੀ ਹੈ, ਜਿਸ ਕਰਕੇ ਉਹ ਸੂਬੇ ਵੱਲ ਧਿਆਨ ਨਹੀਂ ਦੇ ਰਹੀ। ਭਗਵੰਤ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਚਾਰ ਡੀਜੀਪੀ ਬਦਲੇ ਗਏ, ਜਿਸ ਕਰਕੇ ਪੁਲਿਸ ਨੂੰ ਆਪਣੇ ਮੁੱਖ ਅਧਿਕਾਰੀ ਬਾਰੇ ਕੁਝ ਪਤਾ ਹੀ ਨਹੀਂ ਲੱਗ ਰਿਹਾ।

 

RELATED ARTICLES
POPULAR POSTS