ਦੋ ਸਾਬਕਾ ਮੰਤਰੀ ਗਿ੍ਰਫਤਾਰ, ਇਕ ਜ਼ਮਾਨਤ ’ਤੇ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਕਾਂਗਰਸ ਪਾਰਟੀ ’ਚ ਘਬਰਾਹਟ ਦਾ ਮਾਹੌਲ ਬਣਿਆ ਹੋਇਆ ਹੈ। ਇਸਦਾ ਕਾਰਨ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਐਕਸ਼ਨ ਹੈ, ਜੋ ਲਗਾਤਾਰ ਸਾਬਕਾ ਕਾਂਗਰਸੀ ਮੰਤਰੀਆਂ ’ਤੇ ਹੋ ਰਿਹਾ ਹੈ। ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਹੁਣ ਭਾਰਤ ਭੂਸ਼ਣ ਆਸ਼ੂ ਨੂੰ ਵੀ ਵਿਜੀਲੈਂਸ ਨੇ ਗਿ੍ਰਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਅੱਜ ਕੱਲ੍ਹ ਜ਼ਮਾਨਤ ’ਤੇ ਹਨ। ਇਸੇ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਓਪੀ ਸੋਨੀ ਵੀ ‘ਆਪ’ ਸਰਕਾਰ ਦੀ ਰਾਡਾਰ ’ਤੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗਰਾਂਟ ਵੰਡ ਦੇ ਮਾਮਲੇ ਵਿਚ ਘਿਰ ਸਕਦੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ’ਤੇ ਜੰਗਲਾਤ ਮੰਤਰੀ ਰਹਿੰਦਿਆਂ ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿਚ ਭਿ੍ਰਸ਼ਟਾਚਾਰ ਕਰਨ ਦਾ ਆਰੋਪ ਹੈ। ਇਸੇ ਤਰ੍ਹਾਂ ਭਾਰਤ ਭੂਸ਼ਣ ਆਸ਼ੂ ’ਤੇ ਅਨਾਜ ਮੰਡੀਆਂ ਵਿਚ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦਾ ਆਰੋਪ ਲੱਗਾ ਹੈ। ਸੰਗਤ ਸਿੰਘ ਗਿਲਜੀਆਂ ਖਿਲਾਫ ਵੀ ਜੰਗਲਾਤ ਵਿਭਾਗ ’ਚ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੀ ਜੇਲ੍ਹ ਮੰਤਰੀ ਰਹਿੰਦਿਆਂ ਆਰੋਪ ਲੱਗੇ ਹਨ। ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਖਿਲਾਫ ਵੀ ਜ਼ਮੀਨ ਵਿਕਰੀ ਵਿਚ ਘਪਲੇਬਾਜ਼ੀ ਦਾ ਆਰੋਪ ਹੈ। ਓਪੀ ਸੋਨੀ ’ਤੇ ਆਰੋਪ ਹੈ ਕਿ ਉਨ੍ਹਾਂ ਮੰਤਰੀ ਅਹੁਦੇ ’ਤੇ ਰਹਿੰਦਿਆਂ ਸੈਨੇਟਾਈਜ਼ਰ ਮਹਿੰਗੇ ਭਾਅ ’ਤੇ ਖਰੀਦਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ 142 ਕਰੋੜ ਰੁਪਏ ਦੀ ਗਰਾਂਟ ਵੰਡਣ ਦੇ ਮਾਮਲੇ ਵਿਚ ਜਾਂਚ ਦੇ ਘੇਰੇ ’ਚ ਹਨ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ 150 ਕਰੋੜ ਰੁਪਏ ਦੇ ਮਸ਼ੀਨਰੀ ਘੁਟਾਲੇ ਵਿਚ ‘ਆਪ’ ਸਰਕਾਰ ਦੀ ਰਾਡਾਰ ’ਤੇ ਹਨ।