Breaking News
Home / ਪੰਜਾਬ / ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਪੁਸ਼ਤੈਨੀ ਪਿੰਡ ਜਾਤੀ ਉਮਰਾ ’ਚ ਖੁਸ਼ੀ

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਪੁਸ਼ਤੈਨੀ ਪਿੰਡ ਜਾਤੀ ਉਮਰਾ ’ਚ ਖੁਸ਼ੀ

ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਪਿੰਡ ਜਾਤੀ ਉਮਰਾ ’ਚ ਰਹਿੰਦਾ ਸੀ ਸ਼ਾਹਬਾਜ਼ ਸ਼ਰੀਫ ਦਾ ਪਰਿਵਾਰ
ਤਰਨਤਾਰਨ/ਬਿਊਰੋ ਨਿਊਜ਼
ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਉਨ੍ਹਾਂ ਨੇ ਅਹੁਦੇ ਦੀ ਸਹੁੰ ਵੀ ਚੁੱਕ ਲਈ ਹੈ। ਸੱਤਾ ਪਰਿਵਰਤਨ ਪਾਕਿਸਤਾਨ ਵਿਚ ਹੋਇਆ, ਪਰ ਇਸਦੀ ਖੁਸ਼ੀ ਭਾਰਤ ਦੇ ਪੰਜਾਬ ਦੇ ਇਕ ਪਿੰਡ ਵਿਚ ਵੀ ਮਨਾਈ ਜਾ ਰਹੀ ਹੈ। ਇਹ ਪਿੰਡ ਤਰਨਤਾਰਨ ਜ਼ਿਲ੍ਹੇ ਵਿਚ ਹੈ, ਜਿਸਦਾ ਨਾਮ ਹੈ ਜਾਤੀ ਉਮਰਾ। ਜ਼ਿਕਰਯੋਗ ਹੈ ਕਿ ਇਹ ਪਿੰਡ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਪੁਸ਼ਤੈਨੀ ਪਿੰਡ ਹੈ। ਆਜ਼ਾਦੀ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਇਸੇ ਪਿੰਡ ਵਿਚ ਰਹਿੰਦਾ ਸੀ। ਜਾਤੀ ਉਮਰਾ ਪਿੰਡ ਪਾਕਿਸਤਾਨ ਦੇ ਲਾਹੌਰ ਤੋਂ ਤਕਰੀਬਨ 81 ਕਿਲੋਮੀਟਰ ਦੂਰ ਹੈ। ਇਸ ਪਿੰਡ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਪੜਦਾਦਾ ਮੀਆਂ ਮੁਹੰਮਦ ਬਖਸ਼ ਦੀ ਕਬਰ ਵੀ ਹੈ। ਖਾਸ ਗੱਲ ਇਹ ਹੈ ਕਿ ਇਸ ਪੂਰੇ ਪਿੰਡ ਵਿਚ ਇਕ ਹੀ ਗੁਰੂਘਰ ਹੈ ਅਤੇ ਸ਼ਾਹਬਾਜ਼ ਸ਼ਰੀਫ ਦੇ ਪ੍ਰਧਾਨ ਮੰਤਰੀ ਬਣਨ ’ਤੇ ਪਿੰਡ ਦੇ ਗੁਰੂਘਰ ਵਿਚ ਅਰਦਾਸ ਵੀ ਕੀਤੀ ਗਈ। ਜਾਤੀ ਉਮਰਾ ਪਿੰਡ ਦੇ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਪਿੰਡ ਦੇ ਕਈ ਨੌਜਵਾਨ ਅਜਿਹੇ ਹਨ, ਜੋ ਦੁਬਈ ਵਿਚ ਮੀਆਂ ਸ਼ਾਹਬਾਜ਼ ਸ਼ਰੀਫ ਅਤੇ ਨਵਾਜ਼ ਸ਼ਰੀਫ ਦੀਆਂ ਫੈਕਟਰੀਆਂ ਵਿਚ ਕੰਮ ਕਰ ਰਹੇ ਹਨ। ਜਾਤੀ ਉਮਰਾ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਦਸੰਬਰ 2013 ਵਿਚ ਸ਼ਾਹਬਾਜ਼ ਭਾਰਤ ਦੌਰੇ ’ਤੇ ਆਏ ਸਨ। ਉਦੋਂ ਉਹ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਨ। ਭਾਰਤ ਦੌਰੇ ਦੌਰਾਨ ਉਹ ਪਿੰਡ ਜਾਤੀ ਉਮਰਾ ਵੀ ਆਏ ਅਤੇ ਉਨ੍ਹਾਂ ਨੇ ਪਿੰਡ ਵਿਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਸਨ।

 

Check Also

ਸੁਖਬੀਰ ਸਿੰਘ ਬਾਦਲ ਨੇ ਸ਼ੋ੍ਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਦਾ ਕੀਤਾ ਗਠਨ

ਬਲਵਿੰਦਰ ਸਿੰਘ ਭੂੰਦੜ ਨੂੰ ਬਣਾਇਆ ਗਿਆ ਬੋਰਡ ਦਾ ਚੇਅਰਮੈਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਵਿਚ …