Breaking News
Home / ਪੰਜਾਬ / ਕੌਮਾਂਤਰੀ ਢਾਹਾਂ ਸਾਹਿਤ ਇਨਾਮ ਕਹਾਣੀਕਾਰ ਜਰਨੈਲ ਸਿੰਘ ਦੇ ਨਾਂ

ਕੌਮਾਂਤਰੀ ਢਾਹਾਂ ਸਾਹਿਤ ਇਨਾਮ ਕਹਾਣੀਕਾਰ ਜਰਨੈਲ ਸਿੰਘ ਦੇ ਨਾਂ

jarnail-singh-photoਇਨਾਮ ਰਾਸ਼ੀ ਪੱਖੋਂ ਸਾਹਿਤ ਜਗਤ ਦਾ ਸਭ ਤੋਂ ਵੱਡਾ ਸਨਮਾਨ : ਜਰਨੈਲ ਸਿੰਘ ਨੂੰ ਮਿਲਣਗੇ 25 ਹਜ਼ਾਰ ਡਾਲਰ
ਦੋ ਦੂਜੇ ਇਨਾਮ ਜ਼ਾਹਿਦ ਹਸਨ ਤੇ ਸਿਮਰਨ ਧਾਲੀਵਾਲ ਦੀ ਝੋਲੀ ਪਏ
ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) : ਇਨਾਮ ਰਾਸ਼ੀ ਪੱਖੋਂ ਪੰਜਾਬੀ ਦੇ ਸਭ ਤੋਂ ਵੱਡੇ ਸਾਹਿਤ ਸਨਮਾਨ ‘ਢਾਹਾਂ ਸਾਹਿਤ ਇਨਾਮ’ ਦੇ ਸਾਲ 2016 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 25,000 ਕੈਨੇਡੀਅਨ ਡਾਲਰ ਦਾ ਸਭ ਤੋਂ ਵੱਡਾ ਐਵਾਰਡ ਇਸ ਵਾਰ ਨਾਮਵਰ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਨੂੰ ਦਿੱਤਾ ਜਾਵੇਗਾ। ਜਰਨੈਲ ਸਿੰਘ ਨੂੰ ਇਹ ਇਨਾਮ 2015 ਵਿੱਚ ਛਪੀ ਉਨ੍ਹਾਂ ਦੀ ਕਹਾਣੀ ਪੁਸਤਕ ‘ਕਾਲੇ ਵਰਕੇ’ ਲਈ ਦਿੱਤਾ ਗਿਆ ਹੈ। 5,000 ਕੈਨੇਡੀਅਨ ਡਾਲਰ ਦੀ ਰਾਸ਼ੀ ਵਾਲੇ ਦੋ ਦੂਜੇ ਇਨਾਮ ਸ਼ਾਹਮੁਖੀ ਵਿੱਚ ਲਿਖੇ ਨਾਵਲ ‘ਤੱਸੀ ਧਰਤੀ’ ਦੇ ਲੇਖਕ ਜ਼ਾਹਿਦ ਹਸਨ (ਲਾਹੌਰ) ਅਤੇ ਕਹਾਣੀ ਸੰਗ੍ਰਹਿ ‘ਉਸ ਪਲ’ ਦੇ ਲੇਖਕ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਢਾਹਾਂ ਇਨਾਮ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਕਹਾਣੀਆਂ ਉੱਤਰੀ ਅਮਰੀਕਾ ਵਿੱਚ ਵਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਮੌਲਿਕ ਤਸਵੀਰਕਸ਼ੀ ਕਰਦੀਆਂ ਹਨ।  ਟੋਰਾਂਟੋ ਵਾਸੀ ਜਰਨੈਲ ਸਿੰਘ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੈ ਅਤੇ ਉਹ ਇੰਡੀਅਨ ਏਅਰ ਫੋਰਸ ਤੋਂ ਰਿਟਾਇਰ ਹੋਏ ਹਨ। 1988 ਤੋਂ ਉਹ ਕੈਨੇਡਾ ਵਿਚ ਰਹਿ ਰਹੇ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਪੰਜਾਬ/ਹਰਿਆਣਾ ਵਿੱਚ ਕਈ ਯੂਨੀਵਰਸਿਟੀ ਸਿਲੇਬਸਾਂ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦਾ ਪਰਵਾਸੀ ਪੰਜਾਬੀ ਲੇਖਕ ਵਜੋਂ ઠਸ਼੍ਰੋਮਣੀ ਸਾਹਿਤਕਾਰ ਐਵਾਰਡ ਵੀ ਮਿਲ ਚੁੱਕਾ ਹੈ। ਦੂਜੇ ਇਨਾਮ ਦੇ ਜੇਤੂ ਜ਼ਾਹਿਦ ਹਸਨ ਦਾ ਸਬੰਧ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਫੈਸਲਾਬਾਦ ਨਾਲ ਹੈ ਅਤੇ 1985 ਤੋਂ ਉਹ ਲਾਹੌਰ ਵਿਚ ਰਹਿ ਰਹੇ ਹਨ। ਉਨ੍ਹਾਂ ਦਾ ਇਨਾਮ ਜੇਤੂ ਨਾਵਲ ‘ਤੱਸੀ ਧਰਤੀ’ ਅਣਵੰਡੇ ਪੰਜਾਬ ਵਿਚ ਬਾਰ ਦੇ ਇਲਾਕੇ ਦੇ ਜੀਵਨ ਸੰਘਰਸ਼ਾਂ ਨੂੰ ਚਿਤਰਨ ਵਾਲਾ ਆਂਚਲਿਕ ਨਾਵਲ ਹੈ। ਦੂਜੇ ਇਨਾਮ ਦੇ ਜੇਤੂ ਲੇਖਕ ਸਿਮਰਨ ਧਾਲੀਵਾਲ ਦਾ ਸਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਹੈ।ਇਹ ਨੌਜਵਾਨ ਲੇਖਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੱਟੀ ਕੈਂਪਸ ਵਿਚ ਸਹਾਇਕ ਪ੍ਰੋਫੈਸਰ ਹੈ ਅਤੇ ਉਸ ਦੇ ਪਲੇਠੇ ਕਹਾਣੀ ਸੰਗ੍ਰਹਿ ‘ਆਸ ਅਜੇ ਬਾਕੀ ਹੈ’ ਨੂੰ ਸਾਹਿਤ ਅਕਾਦਮੀ ਦਾ ਯੁਵਾ-ਸਾਹਿਤ ਪੁਰਸਕਾਰ ਮਿਲ ਚੁੱਕਾ ਹੈ। ਢਾਹਾਂ ਐਵਾਰਡ ਜਿੱਤਣ ਵਾਲਾ ਉਸ ਦਾ ਕਹਾਣੀ ਸੰਗ੍ਰਹਿ ‘ਉਸ ਪਲ’ ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …