ਹਰਿਆਣਾ ਦੀ ਨਵੀਂ ਰਾਜਧਾਨੀ ਬਣਾਏ ਕੇਂਦਰ ਸਰਕਾਰ : ਗੁਰਜੀਤ ਔਜਲਾ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ’ਚ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਹੈ ਤੇ ਇਸ ਕਰਕੇ ਇਹ ਪੰਜਾਬ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ਨੂੰ ਨਵੀਂ ਰਾਜਧਾਨੀ ਸਥਾਪਿਤ ਕਰ ਕੇ ਦੇਵੇ। ਔਜਲਾ ਨੇ ਲੋਕ ਸਭਾ ਵਿਚ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ 1947 ’ਚ ਜਦ ਭਾਰਤ-ਪਾਕਿ ਵੰਡ ਹੋਈ ਤਾਂ ਪੰਜਾਬ ਵੀ ਦੋ ਹਿੱਸਿਆਂ ’ਚ ਵੰਡਿਆ ਗਿਆ। ਪੰਜਾਬ ਦੀ ਰਾਜਧਾਨੀ ਲਹਿੰਦੇ ਪੰਜਾਬ ਲਾਹੌਰ ਵਿਚ ਰਹਿ ਗਈ। ਜਦਕਿ ਪੰਜਾਬ ਲਈ ਨਵੀਂ ਰਾਜਧਾਨੀ ਚੰਡੀਗੜ੍ਹ ਬਣਾਈ ਗਈ। 1966 ’ਚ ਬੋਲੀ ਅਧਾਰਿਤ ਵੰਡ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੋ ਸੂਬਿਆਂ ’ਚ ਵੰਡਿਆ ਗਿਆ, ਪਰ ਇਨ੍ਹਾਂ ਦੋਵਾਂ ਸੂਬਿਆਂ ਨੂੰ ਇਕ ਰਾਜਧਾਨੀ ਚੰਡੀਗੜ੍ਹ ’ਤੇ ਹੀ ਨਿਰਭਰ ਕਰ ਦਿੱਤਾ ਗਿਆ। ਜਦ ਵੀ ਕੋਈ ਨਵਾਂ ਸੂਬਾ ਬਣਦਾ ਹੈ ਤਾਂ ਉਸ ਲਈ ਨਵੀਂ ਰਾਜਧਾਨੀ ਬਣਦੀ ਹੈ।
ਗੁਰਜੀਤ ਔਜਲਾ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਤੇ ਹਰਿਆਣਾ ਨੇ ਦੋ ਭਰਾਵਾਂ ਵਰਗਾ ਸਬੰਧ ਫਿਰ ਤੋਂ ਕਾਇਮ ਕੀਤਾ ਹੈ। ਰਾਜਧਾਨੀ ਦੇ ਹੱਕ ਵਿਚ ਦੋਵਾਂ ਸੂਬਿਆਂ ਵਿਚਾਲੇ ਕੋਈ ਵੀ ਪਿਆਰ ਵਿਚ ਕਮੀ ਨਹੀਂ ਆਉਣੀ ਚਾਹੀਦੀ। ਇਸ ਲਈ ਜਿੱਥੇ ਉਹ ਪੰਜਾਬ ਲਈ ਚੰਡੀਗੜ੍ਹ ਦੀ ਮੰਗ ਕਰਦੇ ਹਨ, ਉਥੇ ਹੀ ਹਰਿਆਣਾ ਲਈ ਵੀ ਨਵੀਂ ਰਾਜਧਾਨੀ ਦੀ ਮੰਗ ਕੇਂਦਰ ਸਰਕਾਰ ਕੋਲ ਰੱਖਦੇ ਹਨ, ਜਿਸ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …