ਕਿਸਾਨ ਸਾਂਭਣਗੇ ਕਣਕ ਦੀ ਵਾਢੀ ਦਾ ਕੰਮ
ਸ਼ੰਭੂ/ਬਿਊਰੋ ਨਿਊਜ਼ : ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ਼ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨੀ ਮੋਰਚਾ ਚੱਲ ਰਿਹਾ ਹੈ। ਇਸ ਕਿਸਾਨੀ ਮੋਰਚੇ ਨੂੰ ਹੁਣ ਬੀਬੀਆਂ ਸੰਭਾਲਣਗੀਆਂ ਕਿਉਂਕਿ ਕਿਸਾਨ ਕਣਕ ਦੀ ਵਾਢੀ ’ਚ ਜੁਟ ਜਾਣਗੇ। ਜਦੋਂ ਤੱਕ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਉਦੋਂ ਤੱਕ ਬੀਬੀਆਂ ਮੋਰਚੇ ਉਤੇ ਡਟੀਆਂ ਰਹਿਣਗੀਆਂ। ਕਿਸਾਨ ਮੋਰਚੇ ’ਚ ਹਿੱਸਾ ਲੈਣ ਲਈ ਬੀਬੀਆਂ ਦਾ ਇਕ ਜਥਾ ਅੱਜ ਅੰਮਿ੍ਰਤਸਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਮੌਕੇ ਮਹਿਲਾ ਕਿਸਾਨ ਸਰਬਜੀਤ ਕੌਰ ਨੇ ਦੱਸਿਆ ਕਿ ਆਉਂਦੇ ਕੁਝ ਦਿਨਾਂ ਤੱਕ ਖੇਤਾਂ ’ਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਦੇ ਚਲਦਿਆਂ ਕਿਸਾਨਾਂ ਦਾ ਖੇਤਾਂ ਵਿਚ ਰਹਿਣਾ ਜ਼ਰੂਰੀ ਹੈ। ਕਿਸਾਨ ਬੀਬੀਆਂ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਦਾ ਸਿਰਫ਼ ਦਿਖਾਵਾ ਹੀ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਅੰਦੋਲਨ ਦਾ ਸਮਰਥਨ ਕਰਦੀ ਹੁੰਦੀ ਤਾਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਇੰਟਰਨੈਟ ਬੰਦ ਨਾ ਕਰਦੀ ਅਤੇ ਕਿਸਾਨਾਂ ਨੂੰ ਉਥੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਂਦੀ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ 22 ਮਾਰਚ ਨੂੰ ਸਿਰਸਾ ਵਿਚ ਇਕ ਮਹਾਂ ਪੰਚਾਇਤ ਵੀ ਕੀਤੀ ਜਾਵੇਗੀ।