Breaking News
Home / ਪੰਜਾਬ / ਤੀਜਾ ਮੋਰਚਾ ਬਣਨ ਦੀਆਂ ਸੰਭਾਵਨਾਵਾਂ ਵਧੀਆਂ

ਤੀਜਾ ਮੋਰਚਾ ਬਣਨ ਦੀਆਂ ਸੰਭਾਵਨਾਵਾਂ ਵਧੀਆਂ

ਓਮ ਪ੍ਰਕਾਸ਼ ਚੌਟਾਲਾ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼
2024 ’ਚ ਭਾਰਤ ਵਿਚ ਪਾਰਲੀਮੈਂਟ ਚੋਣਾਂ ਹੋਣੀਆਂ ਹਨ ਤੇ ਦੇਸ਼ ਦੀ ਸੱਤਾ ’ਤੇ ਮਜ਼ਬੂਤ ਪਕੜ ਬਣਾਈ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵਿਚਕਾਰ ਇਕ ਮੀਟਿੰਗ ਵੀ ਹੋਈ ਹੈ ਅਤੇ ਇਹ ਮੀਟਿੰਗ ਕਾਫੀ ਲੰਮੇ ਸਮੇਂ ਬਾਅਦ ਹੋਈ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚੌਟਾਲਾ ਨੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ, ਮੁਲਾਇਮ ਸਿੰਘ ਯਾਦਵ ਅਤੇ ਨਿਤੀਸ਼ ਕੁਮਾਰ ਨਾਲ ਵੀ ਮੀਟਿੰਗ ਕੀਤੀ ਸੀ।
ਧਿਆਨ ਰਹੇ ਕਿ ਕਿਸੇ ਸਮੇਂ ਭਾਜਪਾ ਨਾਲ ਘਿਓ ਖਿਚੜੀ ਰਿਹਾ ਬਾਦਲ ਪਰਿਵਾਰ ਹੁਣ ਭਾਰਤੀ ਜਨਤਾ ਪਾਰਟੀ ਖਿਲਾਫ ਤੀਜਾ ਮੋਰਚਾ ਬਣਾਉਣ ਲਈ ਮੀਟਿੰਗਾਂ ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਾਂਝਾ ਫਰੰਟ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਹੋਰ ਲੀਡਰ ਵੀ ਵੱਖ-ਵੱਖ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਇਕ ਸਾਂਝਾ ਮੁਹਾਜ਼ ਬਣਾਉਣ ਲਈ ਉਪਰਾਲੇ ਕਰ ਰਹੇ ਹਨ।
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਓਪੀ ਚੌਟਾਲਾ ਦੀ ਮੁਲਾਕਾਤ ਹੋ ਸਕਦੀ ਹੈ। ਚਰਚਾ ਤਾਂ ਇਹ ਵੀ ਹੈ ਕਿ ਮਮਤਾ ਬੈਨਰਜੀ ਤੀਜੇ ਮੋਰਚੇ ਦਾ ਮੁੱਖ ਚਿਹਰਾ ਹੋ ਸਕਦੀ ਹੈ। ਇਨੈਲੋ ਸੁਪਰੀਮੋ ਚੌਟਾਲਾ ਨੇ ਕਿਹਾ ਕਿ ਅੱਜ ਸਭ ਤੋਂ ਜ਼ਰੂਰੀ ਇਹ ਹੈ ਕਿ ਕੇਂਦਰ ਵਿਚੋਂ ਭਾਜਪਾ ਸ਼ਾਸਨ ਦਾ ਖਾਤਮਾ ਕਿਸ ਤਰ੍ਹਾਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸੇ ਲਈ ਹੀ ਉਹ ਯਤਨ ਕਰ ਰਹੇ ਹਨ ਇਕ ਮਜ਼ਬੂਤ ਤੀਜਾ ਮੋਰਚਾ ਬਣਾਇਆ ਜਾਵੇ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …