Breaking News
Home / ਪੰਜਾਬ / ਬ੍ਰਹਮਪੁਰਾ ਤੇ ਅਜਨਾਲਾ ਪੁੱਤਰਾਂ ਸਣੇ 6 ਸਾਲਾਂ ਲਈ ਅਕਾਲੀ ਦਲ ‘ਚੋਂ ਬਾਹਰ

ਬ੍ਰਹਮਪੁਰਾ ਤੇ ਅਜਨਾਲਾ ਪੁੱਤਰਾਂ ਸਣੇ 6 ਸਾਲਾਂ ਲਈ ਅਕਾਲੀ ਦਲ ‘ਚੋਂ ਬਾਹਰ

ਚੰਡੀਗੜ੍ਹ/ਬਿਊਰੋ ਨਿਊਜ਼ : ਬੇਅਦਬੀ ਮਾਮਲਿਆਂ ਦੇ ਨਾਲ-ਨਾਲ ਅੰਦਰੂਲੀ ਕਲੇਸ਼ ‘ਚ ਉਲਝੀ ਅਕਾਲੀ ਦਲ ਵੀ ਖਿੱਲਰਦੀ ਨਜ਼ਰ ਆ ਰਹੀ ਹੈ। ਪਾਰਟੀ ਤੋਂ ਸੁਖਬੀਰ ਬਾਦਲ ਦੀ ਪਕੜ ਇਕ ਪਾਸੇ ਜਿੱਥੇ ਢਿੱਲੀ ਪੈਂਦੀ ਨਜ਼ਰ ਆ ਰਹੀ ਹੈ, ਉਥੇ ਉਹ ਖੁਦ ਵੀ ਸ਼ਾਇਦ ਪਾਰਟੀ ਦੇ ਟਕਸਾਲੀ ਆਗੂਆਂ ਦਾ ਸਾਥ ਨਹੀਂ ਲੋਚਦੇ। ਇਸੇ ਲਈ ਨਾ ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਨਾ ਸੇਖਵਾਂ ਨੂੰ ਅਤੇ ਨਾ ਹੀ ਬ੍ਰਹਮਪੁਰਾ ਤੇ ਅਜਨਾਲਾ ਨੂੰ। ਜਦੋਂ ਸੇਵਾ ਸਿੰਘ ਸੇਖਵਾਂ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਨੂੰ ਅਕਾਲੀ ਦਲ ਨੇ ਪਾਰਟੀ ‘ਚੋਂ ਛੇ ਸਾਲ ਲਈ ਕੱਢਣ ਦਾ ਫੁਰਮਾਨ ਸੁਣਾਇਆ ਤਾਂ ਸਿਆਸੀ ਸਫ਼ਾਂ ਵਿਚ ਚਰਚਾਵਾਂ ਛਿੜੀਆਂ ਕਿ ਅਕਾਲੀ ਨੂੰ ਹੁਣ ਅਕਲ ਵਾਲੇ ਲੀਡਰਾਂ ਦੀ ਲੋੜ ਨਹੀਂ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮਾਝੇ ਦੇ ਦੋ ਟਕਸਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਜਥੇਦਾਰ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਛੇ ਸਾਲਾਂ ਲਈ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਦੋਵੇਂ ਸਾਬਕਾ ਮੰਤਰੀਆਂ ਦੇ ਪੁੱਤਰਾਂ ਰਵਿੰਦਰਪਾਲ ਸਿੰਘ ਬ੍ਰਹਮਪੁਰਾ ਅਤੇ ਅਮਰਪਾਲ ਸਿੰਘ ਬੋਨੀ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਹਫ਼ਤੇ ਪਾਰਟੀ ਲੀਡਰਸ਼ਿਪ ਖਿਲਾਫ਼ ਬਗ਼ਾਵਤ ਦਾ ਬਿਗਲ ਵਜਾਉਣ ਵਾਲੇ ਟਕਸਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ।
ਕੋਰ ਕਮੇਟੀ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਮਾਝੇ ਵਿਚ ਵੱਡੀ ਢਾਹ ਲੱਗਣ ਦੇ ਆਸਾਰ ਹਨ, ਉਥੇ ਇਨ੍ਹਾਂ ਆਗੂਆਂ ਕੋਲ ਹੁਣ ਨਵੀਂ ਪਾਰਟੀ ਬਣਾਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਕੋਰ ਕਮੇਟੀ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੰਜਾਬ ਅਤੇ ਖਾਸ ਕਰ ਕੇ ਮਾਝੇ ਵਿਚ ਜ਼ੋਰਦਾਰ ਖਿੱਚੋਤਾਣ ਸ਼ੁਰੂ ਹੋ ਗਈ ਹੈ। ਦੂਜੇ ਪਾਸੇ, ਅਕਾਲੀ ਦਲ ਵਿੱਚੋਂ ਕੱਢੇ ਗਏ ਆਗੂ ਚੁੱਪ ਕਰ ਕੇ ਨਹੀਂ ਬੈਠਣਗੇ ਤੇ ਉਹ ਵੀ ਅਗਲੇ ਦਿਨਾਂ ਵਿਚ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਖਿਲਾਫ਼ ਜੰਗ ਵਿੱਢ ਦੇਣਗੇ। ਇਸ ਲਈ ਮਾਝੇ ਵਿਚ ਅਕਾਲੀ ਦਲ ਦੇ ਬਾਗ਼ੀ ਅਤੇ ਦੂਜੇ ਆਗੂਆਂ ਵਿਚਾਲੇ ਤਿੱਖੀ ਲੜਾਈ ਸ਼ੁਰੂ ਹੋ ਜਾਵੇਗੀ ਤੇ ਇਸ ਲੜਾਈ ਦਾ ਆਗਾਜ਼ ਉਸ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਇਨ੍ਹਾਂ ਆਗੂਆਂ ਨੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਦੋਵਾਂ ਸੀਨੀਅਰ ਆਗੂਆਂ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਛੇ-ਛੇ ਸਾਲਾਂ ਲਈ ਕੱਢਣ ਦੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਨੇ ਇਹ ਫ਼ੈਸਲਾ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ‘ਭਰੇ ਮਨ’ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦੋਵਾਂ ਆਗੂਆਂ ਨੂੰ ਬਹੁਤ ਸਤਿਕਾਰ ਦਿੰਦੇ ਰਹੇ ਹਨ ਤੇ ਦੋਵਾਂ ਆਗੂਆਂ ਨੇ ਇਨ੍ਹਾਂ ਵਲੋਂ ਕੀਤੇ ਨਿੱਜੀ ਹਮਲਿਆਂ ਪ੍ਰਤੀ ਵੀ ਨਿਮਰਤਾ ਦਿਖਾਈ ਹੈ ਤੇ ਬ੍ਰਹਮਪੁਰਾ ਨੂੰ ਵਿਸ਼ੇਸ਼ ਤੌਰ ‘ਤੇ ਤਰਜੀਹ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦੋਵਾਂ ਆਗੂਆਂ ਦੇ ਕਹਿਣ ‘ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦਾ ਕਹਿਣਾ ਹੈ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਰਕੇ ਹੀ ਫੈਸਲਾ ਲਿਆ ਹੈ।
ਅਕਾਲੀ ਦਲ ਨੂੰ ਫ਼ਿਰ ਤੋਂ ਅਸਲੀ ਸਰੂਪ ‘ਚ ਲਿਆਵਾਂਗੇ-ਡਾ. ਅਜਨਾਲਾઠ
ਅਜਨਾਲਾ : ਟਕਸਾਲੀ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਲਹਿਰ ਦਾ ਨਾਮ ਹੈ, ਜੋ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਈ, ਅੰਗਰੇਜ਼ਾਂ ਖਿਲਾਫ ਜਿੱਤਾਂ ਦਰਜ ਕਰਕੇ ਮਾਂ ਬੋਲੀ ਤੇ ਪੰਜਾਬ ਲਈ ਘੋਲ ਕਰਦਿਆਂ ਸਮਾਜ ਸੁਧਰ ਕਰਦੀ ਹੋਈ ਹਾਕਮ ਵੀ ਬਣੀ ਅਤੇ ਅੱਜ ਇਸ ਹਾਲਤ ‘ਚ ਪੁੱਜ ਗਈ ਹੈ ਕਿ ਅਕਾਲੀ ਸੁਧਾਰ ਲਹਿਰ ਚਲਾਉਣੀ ਪੈ ਗਈ। ਉਨ੍ਹਾਂ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਇਹ ਹਾਲਤ ਕਿਵੇਂ ਤੇ ਕਿਉਂ ਹੋਈ ਤੇ ਇਸ ਲਈ ਜਿੰਮੇਵਾਰ ਕੌਣ ਹੈ? ਉਨ੍ਹਾਂ ਕਿਹਾ ਕਿ ਅਸੀਂ ਗੁਰੂ ਆਸੇ ਅਨੁਸਾਰ ਆਪਣੇ ਬਜ਼ੁਰਗਾਂ ਦੀਆਂ ਘਾਲਣਾਵਾਂ ਨਾਲ ਹੋਂਦ ਵਿਚ ਆਏ ਅਕਾਲੀ ਦਲ ਨੂੰ ਇਸ ਦੇ ਮੂਲ ਸਿਧਾਂਤ ‘ਤੇ ਲਿਆ ਕਿ ਫਿਰ ਤੋਂ ਅਸਲੀ ਸਰੂਪ ਵਿਚ ਲਿਆਉਣ ਲਈ ਆਖ਼ਰੀ ਸਾਹ ਤੱਕ ਸੰਘਰਸ਼ ਕਰਦੇ ਰਹਾਂਗੇ।
ਅਕਸ਼ੈ ਕੁਮਾਰ ਦੇ ਗੁਆਂਢ ‘ਚ ਹੀ ਰਹਿੰਦਾ ਸੀ ਡੇਰਾ ਮੁਖੀ
ਟਵੀਟ : ਮੈਂ ਕਦੇ ਕਿਸੇ ਰਾਮ ਰਹੀਮ ਨੂੰ ਨਹੀਂ ਮਿਲਿਆ : ਅਕਸ਼ੈ ਕੁਮਾਰ
ਚੰਡੀਗੜ੍ਹ : ਬਰਗਾੜੀ ਕਾਂਡ ਦੀ ਜਾਂਚ ਦੇ ਮਾਮਲੇ ਵਿਚ ਐਸਆਈਟੀ ਦੁਆਰਾ ਸੰਮਨ ਭੇਜੇ ਜਾਣ ਤੋਂ ਬਾਅਦ ਅਦਾਕਾਰ ਅਕਸ਼ੈ ਕੁਮਾਰ ਨੇ ਫਿਰ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕਦੀ ਵੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਹੀਂ ਮਿਲੇ। ਅਕਸ਼ੈ ਨੇ ਟਵੀਟ ਕੀਤਾ ਕਿ ਉਹ ਕਦੀ ਵੀ ਅਜਿਹਾ ਕੁਝ ਨਹੀਂ ਕਰ ਸਕਦੇ, ਜਿਸ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਨੂੰ ਪਤਾ ਲੱਗਿਆ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਉਨ੍ਹਾਂ ਦੇ ਮਿਲਣ ਦੇ ਬਾਰੇ ਵਿਚ ਸ਼ੋਸ਼ਲ ਮੀਡੀਆ ‘ਤੇ ਅਫਵਾਹਾਂ ਅਤੇ ਗਲਤ ਬਿਆਨ ਚੱਲ ਰਹੇ ਹਨ। ਇਸ ਵਿਚ ਡੇਰਾ ਮੁਖੀ ਰਾਮ ਰਹੀਮ ਦੀ ਸੁਖਬੀਰ ਬਾਦਲ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਜਦਕਿ ਮੈਂ ਆਪਣੇ ਜੀਵਨ ਵਿਚ ਕਦੀ ਡੇਰਾ ਮੁਖੀ ਨੂੰ ਮਿਲਿਆ ਹੀ ਨਹੀਂ। ਸ਼ੋਸ਼ਲ ਮੀਡੀਆ ਤੋਂ ਹੀ ਉਨ੍ਹਾਂ ਪਤਾ ਲੱਗਿਆ ਹੈ ਕਿ ਗੁਰਮੀਤ ਰਾਮ ਰਹੀਮ ਮੁੰਬਈ ਵਿਚ ਮੇਰੇ ਘਰ ਦੇ ਨੇੜੇ ਜੁਹੂ ਇਲਾਕੇ ਵਿਚ ਕੁਝ ਸਮੇਂ ਲਈ ਰਿਹਾ ਹੈ। ਪਰ ਅਸੀਂ ਕਦੀ ਵੀ ਇਕ ਦੂਜੇ ਦੇ ਸਾਹਮਣੇ ਨਹੀਂ ਆਏ।
ਅਕਸ਼ੈ ਨੇ ਅੱਗੇ ਲਿਖਿਆ ਹੈ ਕਿ ਕਈ ਸਾਲਾਂ ਤੋਂ ਉਹ ਸਮਰਪਣ ਭਾਵਨਾ ਨਾਲ ਪੰਜਾਬੀ ਸਭਿਆਚਾਰ ਅਤੇ ਸਿੱਖਾਂ ਦੀਆਂ ਅਮੀਰ ਇਤਿਹਾਸਕ ਪਰੰਪਰਾਵਾਂ ਨੂੰ ਪ੍ਰਮੋਟ ਕਰਦੇ ਆ ਰਹੇ ਹਨ। ਇਨ੍ਹਾਂ ਵਿਚ ‘ਸਿੰਘ ਇਜ ਕਿੰਗ’ ਅਤੇ ਸਾਰਾਗੜ੍ਹੀ ਦੀ ਜੰਗ ‘ਤੇ ਅਧਾਰਿਤ ‘ਕੇਸਰੀ’ ਸ਼ਾਮਲ ਹੈ। ਮੈਨੂੰ ਪੰਜਾਬੀ ਹੋਣ ‘ਤੇ ਮਾਣ ਹੈ। ਉਨ੍ਹਾਂ ਦੁਹਰਾਇਆ ਕਿ ਮੈਂ ਕਦੀ ਅਜਿਹਾ ਕੁਝ ਨਹੀਂ ਕਰ ਸਕਦਾ, ਜਿਸ ਨਾਲ ਮੇਰੇ ਪੰਜਾਬੀ ਭਰਾਵਾਂ ਅਤੇ ਭੈਣਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਅਤੇ ਇਨ੍ਹਾਂ ਲਈ ਮੇਰੇ ਦਿਲ ਵਿਚ ਸਭ ਤੋਂ ਜ਼ਿਆਦਾ ਪਿਆਰ ਅਤੇ ਸਨਮਾਨ ਹੈ। ਅਕਸ਼ੈ ਕੁਮਾਰ ‘ਤੇ ਸੁਖਬੀਰ ਬਾਦਲ ਅਤੇ ਗੁਰਮੀਤ ਰਾਮ ਰਹੀਮ ਵਿਚਕਾਰ ਮੀਟਿੰਗ ਕਰਵਾਉਣ ਦਾ ਆਰੋਪ ਹੈ। ਬਰਗਾੜੀ ਮਾਮਲੇ ਦੀ ਜਾਂਚ ਨੂੰ ਪੰਜਾਬ ਸਰਕਾਰ ਵਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਅਕਸ਼ੈ ‘ਤੇ ਇਹ ਆਰੋਪ ਲੱਗਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਕਸ਼ੈ ਨੇ ਆਪਣੇ ਜੁਹੂ ਸਥਿਤ ਫਲੈਟ ‘ਤੇ ਰਾਮ ਰਹੀਮ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ਕਰਵਾਈ। ਇਸ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੀ ਹਾਜ਼ਰ ਸਨ।
ਸਾਡੇ ਪੱਲੇ ਸੱਚ ਹੈ ਤੇ ਪਾਪੀਆਂ ਕੋਲ ਕੋਈ ਜਵਾਬ ਨਹੀਂ : ਬ੍ਰਹਮਪੁਰਾ
ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫ਼ੈਸਲੇ ਦਾ ਉਸ ਦਿਨ ਹੀ ਪਤਾ ਸੀ ਜਦੋਂ ਉਨ੍ਹਾਂ ਨੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸਨ। ਅਸੀਂ ਪੰਜ ਸੱਤ ਦਿਨਾਂ ਵਿਚ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕਰਾਂਗੇ। ਸਾਡੇ ਪੱਲੇ ਸੱਚ ਹੈ ਤੇ ਪਾਪੀਆਂ ਕੋਲ ਕੋਈ ਜੁਆਬ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਡੀ ਢਾਹ ਲਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਥਾਰਿਟੀ ਦਾ ਸਤਿਆਨਾਸ ਕਰਨ ਵਿਰੁਧ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਅਸਤੀਫ਼ਾ ਮੰਗਿਆ ਹੈ।

Check Also

ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਟਰੀਟਮੈਂਟ ਹੋਇਆ ਸ਼ੁਰੂ

ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਲਈ ਦਿੱਤਾ ਸੱਦਾ ਪਟਿਆਲਾ/ਬਿਊਰੋ ਨਿਊਜ਼ : ਕਿਸਾਨੀ ਮੰਗਾਂ …