2.6 C
Toronto
Sunday, April 26, 2026
spot_img
Homeਪੰਜਾਬਹਾਈਕੋਰਟ ਵੱਲੋਂ ਐਕਸਰੇਅ ਰਿਪੋਰਟ ਦੀ ਪੜਤਾਲ ਲਈ ਬੋਰਡ ਬਣਾਉਣ ਦੇ ਨਿਰਦੇਸ਼

ਹਾਈਕੋਰਟ ਵੱਲੋਂ ਐਕਸਰੇਅ ਰਿਪੋਰਟ ਦੀ ਪੜਤਾਲ ਲਈ ਬੋਰਡ ਬਣਾਉਣ ਦੇ ਨਿਰਦੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼ : ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਦਿੱਲੀ ਦੇ ਸਿਹਤ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨੌਜਵਾਨ ਕਿਸਾਨ ਦੇ ਐਕਸਰੇਅ ਰਿਪੋਰਟ ਦੀ ਪੜਤਾਲ ਲਈ ਮਾਹਿਰਾਂ ਦਾ ਬੋਰਡ ਬਣਾਉਣ। ਜਸਟਿਸ ਯੋਗੇਸ਼ ਖੰਨਾ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਕਿਹਾ ਹੈ ਕਿ ਉਹ ਅਸਲ ਐਕਸਰੇਅ ਪਲੇਟ ਤੋਂ ਐਕਸਰੇਅ ਰਿਪੋਰਟ ਤਿਆਰ ਕਰਨ ਜੋ ਦਿੱਲੀ ਪੁਲਿਸ ਨੂੰ ਉੱਤਰ ਪ੍ਰਦੇਸ਼ ਪੁਲਿਸ ਤੋਂ ਮਿਲੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਰਿਪੋਰਟ ਦੀ ਪੜਤਾਲ ਮੈਡੀਕਲ ਅਤੇ ਫੋਰੈਂਸਿਕ ਮਾਹਿਰਾਂ ‘ਤੇ ਆਧਾਰਿਤ ਬੋਰਡ ਵੱਲੋਂ ਕੀਤੀ ਜਾਵੇ। ਅਦਾਲਤ ਨੇ ਕੇਸ ਦੀ ਸੁਣਵਾਈ 14 ਅਪਰੈਲ ‘ਤੇ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਯੂਪੀ ਪੁਲਿਸ ਨੂੰ ਐਕਸਰੇਅ ਦੀ ਅਸਲ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਦੇਣ ਦੀ ਬੇਨਤੀ ਕੀਤੀ ਸੀ ਪਰ ਰਾਮਪੁਰ ਪੁਲਿਸ ਦੇ ਅਧਿਕਾਰੀਆਂ ਅਤੇ ਹਸਪਤਾਲ ਨੇ ਇਨਕਾਰ ਕਰਦਿਆਂ ਕਿਹਾ ਸੀ ਕਿ ਜਦੋਂ ਤੱਕ ਅਦਾਲਤ ਇਸ ਬਾਰੇ ਹੁਕਮ ਨਹੀਂ ਦਿੰਦੀ, ਉਹ ਕੋਈ ਵੀ ਰਿਪੋਰਟ ਨਹੀਂ ਦੇਣਗੇ। ਯੂਪੀ ਪੁਲਿਸ ਦੇ ਵਕੀਲ ਅਤੇ ਹਸਪਤਾਲ ਦੇ ਸੀਐੱਮਓ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਐਕਸਰੇਅ ਰਿਪੋਰਟ ਨਹੀਂ ਹੈ ਅਤੇ ਅਦਾਲਤ ਵੱਲੋਂ ਤੈਅ ਕੀਤੇ ਗਏ ਸਮੇਂ ਤੇ ਤਰੀਕ ‘ਤੇ ਉਹ ਦਿੱਲੀ ਪੁਲਿਸ ਨੂੰ ਐਕਸਰੇਅ ਪਲੇਟ ਤੇ ਪੋਸਟਮਾਰਟਮ ਦੀ ਰਿਪੋਰਟ ਸੌਂਪ ਦੇਣਗੇ। ਪਟੀਸ਼ਨਰ ਵੱਲੋਂ ਪੇਸ਼ ਹੋਈ ਵਕੀਲ ਵਰਿੰਦਾ ਗਰੋਵਰ ਨੇ ਐਕਸਰੇਅ ਅਤੇ ਪੋਸਟਮਾਰਟਮ ਰਿਪੋਰਟ ਦੀ ਕਾਪੀ ਮੰਗੀ ਸੀ। ਵਕੀਲ ਸੌਤਿਕ ਬੈਨਰਜੀ ਰਾਹੀਂ ਦਾਖ਼ਲ ਕੀਤੀ ਗਈ ਅਰਜ਼ੀ ‘ਚ ਮੰਗ ਕੀਤੀ ਸੀ ਕਿ ਅਦਾਲਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਬਣਾ ਕੇ ਨੌਜਵਾਨ ਕਿਸਾਨ ਦੀ ਮੌਤ ਦੀ ਜਾਂਚ ਕੀਤੀ ਜਾਵੇ। ਦਿੱਲੀ ਪੁਲੀਸ ਨੇ ਦੀਨ ਦਿਆਲ ਉਪਾਧਿਆਏ ਮਾਰਗ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਕਿਹਾ ਹੈ ਕਿ ਨਵਰੀਤ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾ ਰਿਹਾ ਸੀ ਅਤੇ ਬੈਰੀਕੇਡਾਂ ਨਾਲ ਟਕਰਾਉਣ ਮਗਰੋਂ ਟਰੈਕਟਰ ਪਲਟ ਗਿਆ ਸੀ।
ਦਾਦੇ ਵੱਲੋਂ ਨਵਰੀਤ ਦੇ ਸਿਰ ‘ਤੇ ਗੋਲੀ ਲੱਗਣ ਦਾ ਦਾਅਵਾ
ਹਾਈਕੋਰਟ ਵੱਲੋਂ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਦੀ ਅਰਜ਼ੀ ‘ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ‘ਚ ਹਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਨਵਰੀਤ ਦੇ ਸਿਰ ‘ਚ ਗੋਲੀ ਲੱਗੀ ਸੀ। ਉਂਜ ਦਿੱਲੀ ਅਤੇ ਯੂਪੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਨਵਰੀਤ ਦੇ ਸਿਰ ‘ਚ ਗੋਲੀ ਲੱਗਣ ਦੇ ਕੋਈ ਜ਼ਖ਼ਮ ਨਹੀਂ ਹਨ ਅਤੇ ਟਰੈਕਟਰ ਪਲਟਣ ਕਾਰਨ ਉਸ ਦੀ ਮੌਤ ਹੋਈ ਹੈ। ਦਿੱਲੀ ਸਰਕਾਰ ਦੇ ਸਟੈਂਡਿੰਗ ਕਾਊਂਸਿਲ (ਕ੍ਰਿਮੀਨਲ) ਰਾਹੁਲ ਮਹਿਰਾ ਅਤੇ ਦਿੱਲੀ ਪੁਲਿਸ ਦੇ ਨੁਮਾਇੰਦੇ ਵਕੀਲ ਚੈਤੰਨਯ ਗੋਸਾਈਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨਵਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਸੀਸੀਟੀਵੀ ਫੁਟੇਜ ਦਿਖਾ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈਕੋਰਟ ਨੇ ਯੂਪੀ ਪੁਲਿਸ ਨੂੰ ਐਕਸਰੇਅ ਦੀ ਅਸਲ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਦਿੱਲੀ ਪੁਲਿਸ ਨੂੰ ਦੇਣ ਦੇ ਨਿਰਦੇਸ਼ ਦਿੱਤੇ ਸਨ।

RELATED ARTICLES
POPULAR POSTS