![](https://parvasinewspaper.com/wp-content/uploads/2022/01/image1.png)
ਕਰੌਸ ਬਾਰਡਰ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਦੇ ਫੈਡਰਲ ਸਰਕਾਰ ਦੇ ਫੈਸਲੇ ਖਿਲਾਫ ਕੈਨੇਡਾ ਭਰ ਤੋਂ ਕੁੱਝ ਟਰੱਕ ਡਰਾਈਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਲਈ ਆਪਣੀ ਰੈਲੀ ਲੈ ਕੇ ਟਰੱਕ ਡਰਾਈਵਰਾਂ ਦਾ ਕਾਫਲਾ, ਜਿਸ ਨੂੰ ਫਰੀਡਮ ਕੌਨਵੌਏ ਦਾ ਨਾਂ ਦਿੱਤਾ ਗਿਆ ਹੈ, ਜੀਟੀਏ ਪਹੁੰਚ ਗਿਆ ਹੈ। ਇਸ ਰੈਲੀ ਕਾਰਨ ਸਿਟੀ ਦੇ ਕਈ ਵੱਡੇ ਹਾਈਵੇਅਜ਼ ਉੱਤੇ ਟਰੈਫਿਕ ਜਾਮ ਹੋਣ ਦਾ ਖਤਰਾ ਵੀ ਬਣਿਆ ਰਿਹਾ । ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਤੋਂ ਸ਼ਨਿੱਚਰਵਾਰ ਤੱਕ ਹਾਈਵੇਅਜ਼ ਉੱਤੇ ਇਸ ਤਰ੍ਹਾਂ ਟਰੈਫਿਕ ਵਿੱਚ ਵਿਘਣ ਪੈਣ ਦਾ ਉਨ੍ਹਾਂ ਨੂੰ ਪੂਰਾ ਇਲਮ ਹੈ। ਉਨ੍ਹਾਂ ਆਮ ਜਨਤਾ ਤੇ ਡਰਾਈਵਰਾਂ ਨੂੰ ਹਲੀਮੀ ਤੋਂ ਕੰਮ ਲੈਣ ਲਈ ਆਖਿਆ ਹੈ ਤੇ ਨਾਲ ਹੀ ਇਹ ਵੀ ਆਖਿਆ ਹੈ ਕਿ ਉਨ੍ਹਾਂ ਵੱਲੋਂ ਹਾਲਾਤ ਉੱਤੇ ਪੂਰੀ ਨਜ਼ਰ ਰੱਖੀ ਜਾਵੇਗੀ।ਓਪੀਪੀ ਸਾਰਜੈਂਟ ਕੈਰੀ ਸ਼ਮਿਡਟ ਨੇ ਆਖਿਆ ਕਿ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਾਰਾ ਟਰੈਫਿਕ ਬਿਨਾਂ ਕਿਸੇ ਅੜਿੱਕੇ ਦੇ ਚੱਲਦਾ ਰਹੇਗਾ। ਇਸ ਕਾਫਲੇ ਦੇ ਵਾਅਨ ਮਿੱਲਜ਼ ਵਿੱਚ ਇੱਕਠੇ ਹੋਣ ਦੀ ਉਮੀਦ ਹੈ ਤੇ ਫਿਰ ਇਹ ਕਾਫਲਾ ਹਾਈਵੇਅ 400 ਦੇ ਦੱਖਣ ਵੱਲ ਅਤੇ ਹਾਈਵੇਅ 401 ਦੇ ਪੂਰਬ ਵੱਲ ਰਵਾਨਾ ਹੋਵੇਗਾ ਤੇ ਫਿਰ ਓਟਵਾ ਪਹੁੰਚੇਗਾ।ਇਸ ਕਾਫਲੇ ਦੇ ਪ੍ਰਬੰਧਕ ਡੇਵ ਸਟੀਨਬਰਗ ਨੇ ਪੁਸ਼ਟੀ ਕੀਤੀ ਕਿ ਉਹ ਦੁਪਹਿਰੇ ਦੇ 12:00 ਵਜੇ ਤੱਕ ਮਾਲ ਪਹੁੰਚ ਜਾਣਗੇ ਤੇ ਉੱਥੋਂ ਦੁਪਹਿਰ ਦੇ 1:00 ਵਜੇ ਰਵਾਨਾ ਹੋ ਜਾਣਗੇ ਪਰ ਉਨ੍ਹਾਂ ਆਖਿਆ ਕਿ ਸ਼ਹਿਰ ਵਿੱਚ ਚਾਰਾਂ ਪਾਸਿਆਂ ਤੋਂ ਟਰੱਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ।