ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਬੁੱਧਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ ਸਮਾਜਿਕ ਰੰਗਾ ਰੰਗ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਕਲੱਬ ਵਲੋਂ ਇਸ ਸਾਲ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਵਿਚਾਰਨ ਦੇ ਨਾਲ-ਨਾਲ ਗੀਤ ਸੰਗੀਤ ਅਤੇ ਮਨੋਰੰਜਕ ਖੇਡਾਂ ਦਾ ਆਨੰਦ ਵੀ ਮੈਂਬਰਾਂ ਨੇ ਮਾਣਿਆਂ।
ਇਸ ਕਲੱਬ ਦੇ ਮੈਂਬਰ, ਵੱਖ-ਵੱਖ ਭਾਈਚਾਰਿਆਂ ਵਿਚੋਂ ਆਏ ਹੋਏ ਹਨ। ਉਨ੍ਹਾਂ ਦਾ ਵੱਖੋ-ਵੱਖਰਾ ਪਿਛੋਕੜ ਹੋਣ ਕਾਰਨ ਪ੍ਰੋਗਰਾਮ ਵੀ ਵਭਿਨਤਾ ਵਿਚੋਂ ਇਕਜੁੱਟਤਾ ਦਰਸਾਉਂਦਾ ਰਿਹਾ। ਪ੍ਰੋਗਰਾਮ ਦੇ ਸ਼ੁਰੂ ਵਿਚ ਕਲੱਬ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਬਡਵਾਲ ਨੇ ਕਲੱਬ ਵਲੋਂ ਆਲੇ ਦੁਆਲੇ ਨੂੰ ਹੋਰ ਚੰਗੇਰਾ ਬਣਾਉਣ ਅਤੇ ਪਾਰਕ ਵਿਚ ਹੋਰ ਬਿਹਤਰ ਸਹੂਲਤਾਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ।
ਉਨ੍ਹਾਂ ਕਿਹਾ ਕਿ ਕਲੱਬ ਦੀ ਕਾਰਜਕਰਨੀ, ਸਰਕਾਰ ਵਲੋਂ ਸੀਨੀਅਰਜ਼ ਨੂੰ ਕ੍ਰਿਆਸ਼ੀਲ ਰੱਖਣ ਲਈ ਦਿੱਤੀ ਜਾਂਦੀ ਵਿੱਤੀ ਸਹਾਇਤਾ ਲੈਣ ਵਿਚ ਕਾਮਯਾਬ ਰਹੀ ਹੈ ਅਤੇ ਉਸੇ ਸਹਾਇਤਾ ਨਾਲ ਕੈਨੇਡਾ ਡੇਅ ਵੀ ਵਧੀਆ ਤਰੀਕੇ ਨਾਲ ਮਨਾਇਆ ਜਾਵੇਗਾ। ਮੀਤ ਪ੍ਰਧਾਨ ਮਿਸਟਰ ਜੇ ਨੇ ਇਸ ਮਹੀਨੇ ਬਰੈਂਪਟਨ ਸਿਟੀ ਕੌਂਸਲ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਕੀਤੇ ਫੈਸਲਿਆਂ ਬਾਰੇ ਦੱਸਿਆ। ਪ੍ਰਧਾਨ ਡਾ. ਬਲਜਿੰਦਰ ਸੇਖੋਂ ਨੇ ਅਪਣੇ ਵਿਚਾਰ ਰੱਖਦਿਆਂ ਕਿਹਾ ਕਿ ਬੇਸ਼ੱਕ ਸਾਇੰਸ ਤੇ ਧਾਰਮਿਕ ਧਾਰਨਾਵਾਂ ਬਹੁੱਤ ਵਖਰੇਵੇਂ ਵਾਲੀਆਂ ਹਨ, ਪਰ ਇੱਕ ਗੱਲ ਤੇ ਇੱਕੋ ਵਿਚਾਰ ਰੱਖਦੀਆਂ ਹਨ ਕਿ ਮਨੁੱਖ ਨੂੰ ਘੁਮੰਡ ਨਹੀਂ ਕਰਨਾ ਚਾਹੀਦਾ, ਧਰਮ ਤਾਂ ਅਪਣੇ ਗ੍ਰੰਥਾਂ ਵਿਚ ਇਹ ਕਹਿੰਦੇ ਹੀ ਹਨ ਪਰ ਸਾਇੰਸ ਮੁਤਾਬਿਕ ਇਸ ਐਡੇ ਵੱਡੇ ਬ੍ਰਹਿਮੰਡ ਵਿਚ ਇੱਕ ਮਨੁੱਖ ਦੀ ਕੋਈ ਵੱਡੀ ਹੋਂਦ ਜਾਂ ਮਹੱਤਤਾ ਨਹੀਂ, ਧਰਤੀ ਦੇ ਇਤਿਹਾਸ ਵਿਚ ਵੀ ਜਿਸ ਨੂੰ ਬਣੇ ਸਾਢੇ ਚਾਰ ਅਰਬ ਸਾਲ ਹੋ ਚੁੱਕੇ ਹਨ ਅਤੇ ਹੋਰ ਸਾਢੇ ਚਾਰ ਸਾਲ ਰਹਿਣ ਦੀ ਸੰਭਾਵਨਾ ਹੈ, ਇੱਕ ਆਮ ਮਨੁੱਖ ਦੇ 50-100 ਸਾਲ ਕੋਈ ਵੱਡਾ ਅਰਥ ਨਹੀਂ ਰਖਦੇ। ਪ੍ਰੋਗਰਾਮ ਵਿਚ ਕਈ ਮੈਂਬਰਾਂ ਨੇ ਸੁਰੀਲੀਆਂ ਆਵਾਜ਼ਾਂ ਵਿਚ ਗੀਤ ਗਾ ਕੇ ਸਭ ਦਾ ਮਨੋਰੰਜਨ ਕੀਤਾ।
ਅਖੀਰ ਵਿਚ ਕੁਰਸੀ ਦੌੜ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ ਇਸ ਵਿਚ ਮਰਦਾਂ ਵਿਚ ਵਿਨੋਦ ਕਪੇਈ ਪਹਿਲੇ ਅਤੇ ਡੀ ਐਸ ਵਾਲੀਆ ਦੂਜੇ ਸਥਾਨ ਤੇ ਰਹੇ, ਔਰਤਾਂ ਵਿਚ ਅਦੱਰਸ਼ ਜੈਨ ਪਹਿਲੇ ਅਤੇ ਗੁਰਮੀਤ ਕੌਰ ਫੋਰਮੀ ਦੂਜੇ ਸਥਾਨ ਤੇ ਰਹੀਆਂ। ਸੁਖਵਿੰਦਰ ਜੀਤ ਨੇ ਪ੍ਰੋਗਰਾਮ ਦਾ ਬਹੁਤ ਵਧੀਆ ਸੰਚਾਲਨ ਕੀਤਾ ਅਤੇ ਆਪ ਵੀ ਇੱਕ ਚੰਗਾ ਗੀਤ ਗਾਇਆ। ਪ੍ਰੋਗਰਾਮ ਵਿਚ ਖਾਣ ਪੀਣ ਦਾ ਚੰਗਾ ਪ੍ਰਬੰਧ ਕੀਤਾ ਗਿਆ ਸੀ। ਕਲੱਬ ਬਾਰੇ ਹੋਰ ਜਾਣਕਾਰੀ ਲਈ ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।