ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਇੱਥੇ ਵੱਖ-ਵੱਖ ਮੰਦਰਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਮੰਦਰਾਂ ਵਿੱਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵਜੀ ਅਤੇ ਮਾਤਾ ਪਾਰਵਤੀ ਦੇ ਸ਼ੁੱਭ ਵਿਆਹ ਦੀਆਂ ਘੋੜੀਆਂ, ਸਿੱਠਣੀਆਂ ਆਦਿ ਕਲਾਕਾਰਾਂ ਵੱਲੋਂ ਸੰਗੀਤਕ ਧੁੰਨਾਂ ਨਾਲ ਤਿਆਰ ਕਰਕੇ ਸ਼ਰਧਾ ਨਾਲ ਸੰਗਤਾਂ ਨਾਲ ਸਾਂਝ ਪਾਈ ਗਈ। ਬਰੈਂਪਟਨ ਦੇ ਸ੍ਰੀ ਸ਼ਨੀ ਦੇਵ ਮੰਦਰ ਵਿੱਚ ਜਸਵੰਤ ਧੀਮਾਨ ਦੀ ਅਗਵਾਈ ਹੇਠ ਉੱਘੇ ਗਾਇਕ ਬਲਿਹਾਰ ਬੱਲੀ ਦੀ ਟੀਮ ਅੰਮ੍ਰਿਤਪਾਲ, ਮੁਕੇਸ਼ ਕੁਮਾਰ ਢੋਲਕ ਮਾਸਟਰ, ਨਿਕਿਤਾ ਲੜੋਈਆ ਵੈਸ਼ਾਲੀ ਭੱਲਾ, ਆਰ ਬੀ ਅਤੇ ਹੋਰਾਂ ਵੱਲੋਂ ਇਸ ਮੌਕੇ ਡੰਮਰੂ, ਚਿੱਮਟਾ, ਹਰਮੋਨੀਅਮ, ਢੋਲ ਅਤੇ ਹੋਰ ਰਵਾਇਤੀ ਸਾਜਾਂ ਨਾਲ ਭੋਲੇ ਸ਼ੰਕਰ ਦੀ ਮਹਿਮਾਂ ਦੀ ਅਜਿਹੀ ਛਹਿਬਰ ਲਾਈ ਕਿ ਸਾਰੀ ਸੰਗਤ ਝੂਮ ਉੱਠੀ ਅਤੇ ਇਸ ਸਮਾਗਮ ਦੀ ਖੁਸ਼ੀ ਵਿੱਚ ਭੰਗੜੇ ਵੀ ਪਏ। ਸੰਗਤ ਵੱਲੋਂ ਇਸ ਮੌਕੇ ਚਾਹ ਪਾਣੀ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਜਿੱਥੇ ਜਸਵੰਤ ਧੀਮਾਨ ਵੱਲੋਂ ਸਾਰੀਆਂ ਸੰਗਤਾਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਜੀ ਆਇਆਂ ਵੀ ਆਖਿਆ ਗਿਆ। ਇਸ ਤੋਂ ਇਲਾਵਾਂ ਬਰੈਂਪਟਨ ਦੇ ਜਗਨਨਾਥ ਟੈਂਪਲ, ਹਿੰਦੂ ਸਭਾ ਮੰਦਰ, ਭਾਰਤ ਮਾਤਾ ਮੰਦਰ, ਸਿੰਧੀਗੁਰ ਮੰਦਰ, ਬਾਬਾ ਬਾਲਕ ਨਾਥ ਮੰਦਰ ਟੋਰਾਂਟੋਂ, ਸ੍ਰੀ ਵਿਸ਼ਨੂ ਮੰਦਰ ਮਾਰਖਮ ਵਿਖੇ ਵੀ ਇਸ ਤਿਉਹਾਰ ਮੌਕੇ ਸਮਾਗਮ ਕਰਵਾਏ ਗਏ ਅਤੇ ਸ਼ਿਵਲਿੰਗ ਦੀ ਪੂਜਾ ਕਰਦਿਆਂ ਹਵਨ ਅਤੇ ਯੱਗ ਦੀ ਤਸਮ ਵੀ ਕੀਤੀ ਗਈ। ਵਧੇਰੇ ਜਾਣਕਾਰੀ ਲਈ 31 ਮੈਲਿਨੀ ਡਰਾਇਵ ਬਰੈਂਪਟਨ ਵਿਖੇ ਸ਼ਨੀ ਦੇਵ ਮੰਦਰ ਵਿੱਚ ਜਸਵੰਤ ਧੀਮਾਨ ਨਾਲ 416-697-4100 ਅਤੇ ਹਰ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮਾਂ ਲਈ ਬਲਿਹਾਰ ਬੱਲੀ ਨਾਲ 647-764 -2019 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।