ਕੈਨੇਡਾ ਵੱਲੋਂ ਯੂਕਰੇਨੀਅਨ ਮਿਲਟਰੀ ਦੀ ਮਦਦ ਲਈ ਹੋਰ ਅਸਲਾ ਤੇ ਗੋਲੀ ਸਿੱਕਾ ਯੂਕਰੇਨ ਭੇਜਿਆ ਜਾ ਰਿਹਾ ਹੈ। ਫੈਡਰਲ ਸਰਕਾਰ ਅਨੁਸਾਰ ਇਸ ਗੋਲੀ ਸਿੱਕੇ ਨੂੰ ਭੇਜਣ ਉੱਤੇ 98 ਮਿਲੀਅਨ ਡਾਲਰ ਖਰਚ ਆਵੇਗਾ। ਇਸ ਤਹਿਤ 155 ਐਮਐਮ ਕੈਲੀਬਰ ਦੇ ਗੋਲੀ ਸਿੱਕੇ ਦੇ ਨਾਲ ਨਾਲ ਫਿਊਜਿ਼ਜ ਤੇ ਚਾਰਜ ਬੈਗਜ਼ ਵੀ ਭੇਜੇ ਜਾਣਗੇ।
ਆਰਟਿਲਰੀ ਅਮਰੀਕਾ ਵੱਲੋਂ ਭੇਜੀ ਜਾਵੇਗੀ ਤੇ 2022 ਦੇ ਫੈਡਰਲ ਬਜਟ ਵਿੱਚ ਰਾਖਵੇਂ ਰੱਖੇ ਗਏ 500 ਮਿਲੀਅਨ ਡਾਲਰ ਫੰਡਾਂ ਦੇ ਰੂਪ ਵਿੱਚ ਕੰਮ ਆਉਣਗੇ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਯੂਕਰੇਨੀਅਨ ਸਕਿਊਰਿਟੀ ਫੋਰਸਿਜ਼ ਨੂੰ ਦਿੱਤੀ ਜਾ ਚੁੱਕੀ ਹੈ।
ਰੱਖਿਆ ਮੰਤਰੀ ਅਨੀਤਾ ਆਨੰਦ ਨੇ ਮੰਗਲਵਾਰ ਨੂੰ ਵਿਕਟੋਰੀਆ, ਬੀਸੀ ਵਿੱਚ ਯੂਕਰੇਨੀਅਨ ਕਲਚਰਲ ਸੈਂਟਰ ਵਿਖੇ ਇਹ ਐਲਾਨ ਕੀਤਾ ਗਿਆ। ਇਸ ਮੌਕੇ ਆਨੰਦ ਨੇ ਆਖਿਆ ਕਿ ਆਪਣੇ ਪੂਰਬੀ ਖੇਤਰ ਨੂੰ ਬਚਾਉਣ ਲਈ ਰੂਸ ਨਾਲ ਜਾਰੀ ਯੂਕਰੇਨ ਦੀ ਤਾਜ਼ਾ ਲੜਾਈ ਵਿੱਚ ਵਾਧੂ ਫੌਜੀ ਸਹਾਇਤਾ ਕਾਫੀ ਅਹਿਮੀਅਤ ਰੱਖਦੀ ਹੈ। ਉਨ੍ਹਾਂ ਆਖਿਆ ਕਿ ਇਸ ਮਦਦ ਨੂੰ ਜਲਦ ਤੋਂ ਜਲਦ ਯੂਕਰੇਨ ਪਹੁੰਚਾਉਣ ਲਈ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ।