Breaking News
Home / ਕੈਨੇਡਾ / ਓਨਟਾਰੀਓ ‘ਚ ਬੇਰੁਜ਼ਗਾਰੀ ਦੀ ਦਰ 5.5 ਹੋ ਜਾਣ ਤੇ ਇਸ ਦੇ ਮਹੱਤਵ ਬਾਰੇ ਸੋਨੀਆ ਸਿੱਧੂ ਦੀ ਟਿੱਪਣੀ

ਓਨਟਾਰੀਓ ‘ਚ ਬੇਰੁਜ਼ਗਾਰੀ ਦੀ ਦਰ 5.5 ਹੋ ਜਾਣ ਤੇ ਇਸ ਦੇ ਮਹੱਤਵ ਬਾਰੇ ਸੋਨੀਆ ਸਿੱਧੂ ਦੀ ਟਿੱਪਣੀ

ਬਰੈਂਪਟਨ : ‘ਸਟੈਟਿਸਟਿਕਸ ਕੈਨੇਡਾ’ ਨੇ ਨਵੰਬਰ 2017 ਦਾ ‘ਲੇਬਰ ਫੋਰਸ ਸਰਵੇ’ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਰਿਲੀਜ਼ ਕੀਤਾ ਹੈ ਅਤੇ ਇਸ ਵਿਚ ਦੇਸ਼ ਦੇ ਮਜ਼ਬੂਤ ਹੋ ਰਹੇ ਅਰਥਚਾਰੇ ਦੀ ਖ਼ੁਸ਼ੀ ਵਾਲੀ ਖ਼ਬਰ ਆਈ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਅਰਸੇ ਦੌਰਾਨ ਦੇਸ਼ ਵਿਚ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਜੀ.ਟੀ.ਏ. ਲਈ ਇਨ੍ਹਾਂ ਦੇ ਮਹੱਤਵ ਬਾਰੇ ਟਿੱਪਣੀ ਕਰਦਿਆਂ ਹੋਇਆਂ ਅਰਥਚਾਰੇ ਨੂੰ ਹੋਰ ਅੱਗੇ ਵਧਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦ੍ਰਿੜਾਈ ਹੈ। ਨਵੰਬਰ ਮਹੀਨੇ ਵਿਚ ਦੇਸ਼-ਭਰ ਵਿਚ ਲੱਗਭੱਗ 80,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਇਸ ਨਾਲ ਬੇ-ਰੋਜ਼ਗਾਰੀ ਦਰ ਕੌਮੀ-ਪੱਧਰ ‘ਤੇ 5.9% ਤੱਕ ਡਿੱਗੀ ਹੈ। ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਇਸ ਦਾ ਦਿਲਚਸਪ ਪਹਿਲੂ ਇਹ ਹੈ ਕਿ ਰੋਜ਼ਗਾਰ ਦੇ ਇਸ ਵਾਧੇ ਵਿਚ ਓਨਟਾਰੀਆ ਦਾ ਵੱਡਾ ਹਿੱਸਾ ਹੈ। ਅਸੀਂ ਵੇਖਦੇ ਹਾਂ ਕਿ ਨਵੰਬਰ ਮਹੀਨੇ ਵਿਚ ਓਨਟਾਰੀਓ ਵਿਚ 44,000 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਅਤੇ ਇਸ ਸੂਬੇ ਦੀ ਬੇ-ਰੋਜ਼ਗਾਰੀ ਦੀ ਦਰ 0.4% ਘੱਟ ਕੇ ਹੁਣ 5.5% ਰਹਿ ਗਈ ਹੈ। ਜਦੋਂ ਤੋਂ ਸਾਡੀ ਸਰਕਾਰ ਨੇ ਕਾਰਜ ਸੰਭਾਲਿਆ ਹੈ, ਬੇਰੁਜ਼ਗਾਰੀ ਦਾ ਪੈਮਾਨਾ ਹੇਠਾਂ ਵੱਲ ਆ ਰਿਹਾ ਹੈ ਅਤੇ ਅਸੀਂ ਓਨਟਾਰੀਓ ਵਿਚ ਇਹ ਟਰੈਂਡ ਜੁਲਾਈ 2000 ਤੋਂ ਬਾਅਦ ਹੁਣ ਸੱਭ ਤੋਂ ਘੱਟ ਵੇਖ ਰਹੇ ਹਾਂ।”
ਉਨ੍ਹਾਂ ਕਿਹਾ ਕਿ ਜੀ.ਟੀ.ਏ. ਵਿਚ ਰਹਿਣ ਵਾਲਿਆਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੀ ਸਰਕਾਰ ਜੀ.ਟੀ.ਏ.ਅਤੇ ਦੇਸ਼ ਦੇ ਸਮੁੱਚੇ ਵਿਕਾਸ ਲਈ ਛੋਟੇ ਪੂੰਜੀ ਨਿਵੇਸ਼ ਨੂੰ ਲਗਾਤਾਰ ਅੱਗੇ ਵਧਾਉਂਦੀ ਰਹੇਗੀ। ਇਸ ਬੇਰੁਜ਼ਗਾਰੀ ਦਰ ਘੱਟਣ ਬਾਰੇ ‘ਫ਼ਾਲ ਇਕਨਾਮਿਕ ਅੱਪਡੇਟ’ ਦੌਰਾਨ ਹਾਊਸ ਆਫ਼ ਕਾਮਨਜ਼ ਵਿਚ ਬਿਆਨ ਦਿੰਦਿਆਂ ਮਾਣਯੋਗ ਵਿੱਤ ਮੰਤਰੀ ਬਿਲ ਮੌਰਨਿਊ ਨੇ ਕਿਹਾ ਕਿ ਜੀ-7 ਦੇਸ਼ਾਂ ਵਿਚੋਂ ਕੈਨੇਡਾ ਸੱਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਲਿਬਰਲ ਪਾਰਟੀ ਨੇ ਸੱਤਾ ਵਿਚ ਆ ਕੇ ਸਰਕਾਰ ਬਣਾਈ ਹੈ, ਕੈਨੇਡਾ ਵਿਚ ਲੱਗਭੱਗ ਅੱਧਾ-ਮਿਲੀਅਨ ਪੂਰੇ-ਸਮੇਂ ਵਾਲੀਆਂ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਪਿਛਲੇ ਦਹਾਕੇ ਵਿਚ ਬੇਰੁਜ਼ਗਾਰੀ ਦੀ ਦਰ ਸੱਭ ਤੋਂ ਹੇਠਾਂ ਆਈ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …