ਲੋਕਾਂ ਵਿੱਚ ਭਾਰੀ ਉਤਸ਼ਾਹ – ਪੁਸਤਕਾਂ ਦੀ ਵਿਕਰੀ ਸ਼ੁਰੂ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਜੋੜਨ ਦੇ ਮਕਸਦ ਨਾਲ ਚੇਤਨਾ ਪ੍ਰਕਾਸ਼ਨ ਵੱਲੋਂ ਕੈਨੇਡੀਅਨ ਸੰਸਥਾਵਾਂ ਦੇ ਸਹਿਯੋਗ ਨਾਲ ਮਿਸੀਸਾਗਾ ਇਲਾਕੇ ਵਿਚ ਪੰਜਾਬੀ ਪੁਸਤਕ ਮੇਲੇ ਦਾ ਉਦਘਾਟਨ ਕੀਤਾ ਗਿਆ। ਇਹ ਮੇਲਾ ਪੰਜ ਹਫਤੇ ਜਾਰੀ ਰਹੇਗਾ। ਮੇਲੇ ਦਾ ਉਦਘਾਟਨ ਯੂਨਾਈਟਡ ਗਰੁੱਪ ਦੇ ਮਾਲਕ ਦੇਵ ਮਾਂਗਟ, ਕਾਂਊਟੀ ਕਾਰਗੋ ਦੇ ਡਾਇਰੈਕਟਰ ਰਣਦੀਪ ਸਿੰਘ ਸੰਧੂ ਤੇ ਇਕ ਹੋਰ ਆਗੂ ਇਕਬਾਲ ਮਾਹਲ ਨੇ ਕੀਤਾ।
ਮੇਲੇ ਵਿਚ ਇਕ ਹਜ਼ਾਰ ਤੋਂ ਵਧ ਪੁਸਤਕਾਂ ਦੀਆਂ ਵੰਨਗੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜੋ ਕਿ ਕਹਾਣੀਆਂ, ਨਾਵਲ ਤੇ ਕਵਿਤਾਵਾਂ ਤੋਂ ਇਲਾਵਾ ਇਤਿਹਾਸ, ਸੂਚਨਾ, ਲੋਕ ਲਹਿਰਾਂ, ਵਰਤਮਾਨ ਸੰਕਟਾਂ ਬਾਰੇ ਸਬੰਧਤ ਹਨ। ਕੈਨੇਡਾ ਵਿਚ ਪੰਜਾਬੀ ਪੁਸਤਕਾਂ ਪੜ੍ਹਨ ਵਾਲਿਆਂ ਦੀ ਗਿਣਤੀ ਵਧਣ ਬਾਰੇ ਇਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਹੀ ਕਿਤਾਬਾਂ ਦੀ ਵਿਕਰੀ ਸ਼ੁਰੂ ਹੋ ਗਈ।
ਇਸ ਮੌਕੇ ਰਣਦੀਪ ਸਿੰਘ ਸੰਧੂ ਨੇ ਕਿਹਾ ਕਿ ਜੇ ਕਿਸੇ ਕੌਮ ਦੀ ਸਭਿਆਚਾਰਕ ਉਚਾਈ ਦੇਖਣੀ ਹੋਵੇ ਤਾਂ ਉਸ ਵੱਲੋਂ ਉਸਾਰੀਆਂ ਗਈਆਂ ਲਾਇਬ੍ਰੇਰੀਆਂ ਨੂੰ ਦੇਖਣਾ ਹੋਵੇਗਾ। ਇਸੇ ਤਰ੍ਹਾਂ ਦੇਵ ਮਾਂਗਟ ਨੇ ਕਿਹਾ ਕਿ ਬੰਗਾਲ ਵਾਸੀਆਂ ਨੇ ਟੈਗੋਰ ਨੂੰ ਉਹ ਮਾਣ ਦਿੱਤਾ ਹੈ, ਜੋ ਅੰਗਰੇਜ਼ਾਂ ਨੇ ਵਿਲੀਅਮ ਸ਼ੇਕਸਪੀਅਰ ਨੂੰ ਦਿੱਤਾ ਹੈ। ਇਕਬਾਲ ਮਾਹਲ ਨੇ ਕਿਹਾ ਕਿ ਉਹ ਪਿਛਲੇ 55 ਸਾਲਾਂ ਤੋਂ ਕੈਨੇਡਾ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਸੰਸਥਾਵਾਂ ਵੀ ਇਸ ਪਾਸੇ ਸੇਵਾ ਨਿਭਾਅ ਰਹੀਆਂ ਹਨ ਜਿਸ ਕਾਰਨ ਪੰਜਾਬੀ ਦਾ ਤੇਜ਼ੀ ਨਾਲ ਪਸਾਰ ਹੋ ਰਿਹਾ ਹੈ। ਇਸੇ ਤਰ੍ਹਾਂ ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ ਉਹ ਇਸ ਵਾਰ ਵੱਡੀ ਗਿਣਤੀ ਕਿਤਾਬਾਂ ਲੈ ਕੇ ਪਹੁੰਚੇ ਹਨ ਤਾਂ ਕਿ ਪਰਵਾਸੀ ਪੰਜਾਬੀਆਂ ਦੇ ਘਰਾਂ ਤਕ ਕਿਤਾਬਾਂ ਪਹੁੰਚਾਈਆਂ ਜਾ ਸਕਣ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …