
ਭਗਵੰਤ ਮਾਨ ਨੇ ਕਿਹਾ – ਪਾਰਟੀ ਵਿਚ ਹਰ ਸਧਾਰਨ ਆਦਮੀ ਨੂੰ ਵੀ ਮਿਲੇਗੀ ਥਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕਾ ਅਨਮੋਲ ਗਗਨ ਤੇ ਯੂਥ ਅਕਾਲੀ ਆਗੂ ਅਜੇ ਸਿੰਘ ਲਿਬੜਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਗਾਇਕਾ ਅਨਮੋਲ ਗਗਨ, ਅਜੇ ਲਿਬੜਾ ਤੇ ਲਾਲ ਚੰਦ ਸ਼ਾਮਲ ਹੋਏ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵਿਚ ਹਰ ਵਰਗ ਦੇ ਲੋਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵਿਚ ਅਜਿਹੇ ਆਗੂ ਤੇ ਨੌਜਵਾਨ ਹਨ ਜੋ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂਨੂੰ ਸਿਰਫ ਨਾਅਰੇ ਮਾਰਨ ਲਈ ਹੀ ਰੱਖਿਆ ਜਾਂਦਾ ਹੈ। ‘ਆਪ’ ਵਿਚ ਹਰ ਸਾਧਾਰਨ ਬੰਦੇ ਨੂੰ ਵੀ ਥਾਂ ਦਿੱਤੀ ਜਾਂਦੀ ਹੈ। ਭਗਵੰਤ ਮਾਨ, ਜਰਨੈਲ ਸਿੰਘ ਅਤੇ ਹਰਪਾਲ ਚੀਮਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ।