4.3 C
Toronto
Wednesday, October 29, 2025
spot_img
Homeਭਾਰਤਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ

ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ

ਕਿਹਾ : ਕਾਸ਼ੀ ਇਤਿਹਾਸ ‘ਚ ਲਿਖ ਰਿਹਾ ਹੈ ਨਵਾਂ ਅਧਿਆਏ
ਵਾਰਾਨਸੀ : ਵਾਰਾਨਸੀ ਦੀ ਸੱਭਿਅਤਾ ਅਤੇ ਵਿਰਾਸਤ ਦੀ ਪ੍ਰਸ਼ੰਸਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਔਰੰਗਜ਼ੇਬ ਵਰਗੇ ਧਾੜਵੀਆਂ ਨੇ ਕਾਸ਼ੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਇਤਿਹਾਸ ਦੇ ਕਾਲੇ ਪੰਨਿਆਂ ਤੱਕ ਸੀਮਤ ਰਹਿ ਗਏ ਜਦਕਿ ਪਵਿੱਤਰ ਸ਼ਹਿਰ ਸ਼ਾਨਾਂਮੱਤੇ ਇਤਿਹਾਸ ਦਾ ਨਵਾਂ ਅਧਿਆਏ ਲਿਖ ਰਿਹਾ ਹੈ। ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਮਗਰੋਂ ਦਿੱਤੇ ਭਾਸ਼ਨ ‘ਚ ਉਨ੍ਹਾਂ ਕਿਹਾ ਕਿ ਦੇਸ਼ ਹੀਣ ਭਾਵਨਾ ਤੋਂ ਉੱਭਰ ਰਿਹਾ ਹੈ। ਮੋਦੀ ਨੇ ਰਾਣੀ ਅਹਿਲਿਆਬਾਈ ਵੱਲੋਂ ਮੰਦਰ ਦੀ ਮੁੜ ਤੋਂ ਉਸਾਰੀ ਅਤੇ ਗੁੰਬਦਾਂ ‘ਤੇ ਸੋਨੇ ਦੀ ਨੱਕਾਸ਼ੀ ਲਈ ਮਹਾਰਾਜਾ ਰਣਜੀਤ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਬੋਧੀਆਂ ਅਤੇ ਸਿੱਖਾਂ ਸਮੇਤ ਹੋਰ ਧਰਮਾਂ ਦੇ ਧਾਰਮਿਕ ਅਸਥਾਨਾਂ ਲਈ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਧਾੜਵੀਆਂ ਨੇ ਹਮਲੇ ਕਰਕੇ ਸ਼ਹਿਰ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਔਰੰਗਜ਼ੇਬ ਦੇ ਜ਼ੁਲਮ ਅਤੇ ਉਸ ਦੀ ਦਹਿਸ਼ਤ ਦਾ ਇਤਿਹਾਸ ਗਵਾਹ ਹੈ, ਜਿਸ ਨੇ ਸੱਭਿਅਤਾ ਨੂੰ ਤਲਵਾਰ ਦੇ ਸਹਾਰੇ ਬਦਲਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੇ ਸੱਭਿਆਚਾਰ ਨੂੰ ਕੱਟੜਤਾ ਨਾਲ ਦਰੜਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦੇਸ਼ ਦੀ ਮਿੱਟੀ ਬਾਕੀ ਦੁਨੀਆ ਨਾਲੋਂ ਕੁਝ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਥੇ ਔਰੰਗਜ਼ੇਬ ਆਉਂਦਾ ਹੈ ਤਾਂ ਸ਼ਿਵਾਜੀ ਵੀ ਉੱਠ ਖੜ੍ਹੇ ਹੁੰਦੇ ਹਨ। ਜੇਕਰ ਕੋਈ ਸਲਾਰ ਮਸੂਦ ਅੱਗੇ ਵਧਦਾ ਹੈ ਤਾਂ ਰਾਜਾ ਸੁਹੇਲਦੇਵ ਜਿਹੇ ਬਹਾਦਰ ਯੋਧੇ ਉਸ ਨੂੰ ਸਾਡੀ ਏਕਤਾ ਦੀ ਤਾਕਤ ਦਾ ਅਹਿਸਾਸ ਕਰਵਾ ਦਿੰਦੇ ਹਨ ਅਤੇ ਭਾਰਤ ‘ਚ ਬ੍ਰਿਟਿਸ਼ ਗਵਰਨਰ ਜਨਰਲ ਵਾਰਨ ਹੇਸਟਿੰਗਜ਼ ਦਾ ਹਸ਼ਰ ਵੀ ਕਾਸ਼ੀ ਦੇ ਲੋਕਾਂ ਨੇ ਕੀਤਾ ਸੀ, ਇਹ ਤਾਂ ਕਾਸ਼ੀ ਦੇ ਲੋਕ ਜਾਣਦੇ ਹੀ ਹਨ। ਮੋਦੀ ਨੇ ਕਿਹਾ ਕਿ ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਕੰਪਲੈਕਸ ਇਕ ਭਵਨ ਨਹੀਂ ਸਗੋਂ ਭਾਰਤ ਦੇ ਸਨਾਤਨ ਸੱਭਿਆਚਾਰ, ਅਧਿਆਤਮਕ ਆਤਮਾ, ਪ੍ਰਾਚੀਨਤਾ, ਰਵਾਇਤਾਂ ਅਤੇ ਊਰਜਾ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਧਾੜਵੀਆਂ ਦੀ ਤਾਕਤ ਭਾਰਤ ਦੀ ‘ਸ਼ਕਤੀ ਅਤੇ ਭਗਤੀ’ ਤੋਂ ਵੱਡੀ ਨਹੀਂ ਹੋ ਸਕਦੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਕੰਪਲੈਕਸ ਦਾ ਰਕਬਾ ਪਹਿਲਾਂ 3 ਹਜ਼ਾਰ ਵਰਗ ਫੁੱਟ ਸੀ ਜੋ ਹੁਣ ਵਧਾ ਕੇ ਕਰੀਬ ਪੰਜ ਲੱਖ ਵਰਗ ਫੁੱਟ ਹੋ ਗਿਆ ਹੈ। ਆਪਣੇ ਸੰਸਦੀ ਹਲਕੇ ‘ਚ ਆਉਣ ਤੋਂ ਬਾਅਦ ਉਨ੍ਹਾਂ ਕਾਲ ਭੈਰਵ ਮੰਦਰ ‘ਚ ਪੂਜਾ ਕੀਤੀ ਅਤੇ ਗੰਗਾ ‘ਚ ਡੁਬਕੀ ਵੀ ਲਗਾਈ। ਉਹ ਉਥੋਂ ਪਵਿੱਤਰ ਗੰਗਾਜਲ ਲੈ ਕੇ ਕਾਸ਼ੀ ਵਿਸ਼ਵਨਾਥ ਮੰਦਰ ਪੁੱਜੇ।
ਮੋਦੀ ਨੇ ਫੁੱਲਾਂ ਦੀ ਵਰਖਾ ਕਰਕੇ ਮਜ਼ਦੂਰਾਂ ਦਾ ਕੀਤਾ ਸਵਾਗਤ
ਵਾਰਾਨਸੀ : ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦੀ ਉਸਾਰੀ ਕਰਨ ਵਾਲੇ ਮਜ਼ਦੂਰਾਂ ‘ਤੇ ਖੁਦ ਫੁੱਲਾਂ ਦੀ ਵਰਖਾ ਕੀਤੀ ਅਤੇ ਕੰਪਲੈਕਸ ‘ਚ ਉਨ੍ਹਾਂ ਨਾਲ ਦੁਪਹਿਰ ਦਾ ਭੋਜਨ ਕੀਤਾ। ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ ਮੰਦਰ ਨੇੜੇ ਬਣੀ ਗੈਲਰੀ ‘ਚ ਬੈਠੇ ਮਜ਼ਦੂਰਾਂ ਦੇ ਗਰੁੱਪ ਨਾਲ ਮਿਲੇ। ਉਨ੍ਹਾਂ ਵਿਚਕਾਰ ਤੁਰਦਿਆਂ ਮੋਦੀ ਫੁੱਲਾਂ ਦੀ ਟੋਕਰੀ ‘ਚੋਂ ਮਜ਼ਦੂਰਾਂ ਉਪਰ ਫੁੱਲ ਸੁੱਟਦੇ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਮਜ਼ਦੂਰਾਂ ਨਾਲ ਬੈਠੇ ਅਤੇ ਤਸਵੀਰਾਂ ਵੀ ਖਿਚਵਾਈਆਂ। ਬਾਅਦ ‘ਚ ਪ੍ਰਧਾਨ ਮੰਤਰੀ ਨੇ ਇਨ੍ਹਾਂ ਮਜ਼ਦੂਰਾਂ ਨਾਲ ਦੁਪਹਿਰ ਦਾ ਭੋਜਨ ਵੀ ਖਾਧਾ। ਕਰੀਬ 339 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕਾਸ਼ੀ ਵਿਸ਼ਵਨਾਥ ਧਾਮ ਪ੍ਰਾਜੈਕਟ ਦੇ ਪਹਿਲੇ ਪੜਾਅ ਤਹਿਤ 23 ਇਮਾਰਤਾਂ ਦਾ ਉਦਘਾਟਨ ਕੀਤਾ ਗਿਆ। ਕੋਵਿਡ ਮਹਾਮਾਰੀ ਦੇ ਬਾਵਜੂਦ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਲਈ ਪ੍ਰਧਾਨ ਮੰਤਰੀ ਨੇ ਮਜ਼ਦੂਰਾਂ ਦੇ ਯੋਗਦਾਨ ਨੂੰ ਸਲਾਹਿਆ।

 

RELATED ARTICLES
POPULAR POSTS