ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੁਸ਼ੀ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਲਾਬੀ ਨਗਰੀ ਵਜੋਂ ਪ੍ਰਸਿੱਧ ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨਾਂ ਦੀ ਸੂਚੀ ਵਿਚ ਦਰਜ ਕਰ ਲਿਆ ਗਿਆ ਹੈ। ਯੂਨੈਸਕੋ ਨੇ ਸ਼ਨਿਚਰਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਯੂਨੈਸਕੋ ਦੀ ਵਿਸ਼ਵ ਵਿਰਾਸਤੀ ਕਮੇਟੀ ਨੇ ਅਜ਼ਰਬਾਇਜਾਨ ਦੇ ਬਾਕੂ ਵਿਚ 30 ਜੂਨ ਤੋਂ 10 ਜੁਲਾਈ ਤਕ ਚੱਲ ਰਹੀ ਬੈਠਕ ਦੌਰਾਨ ਜੈਪੁਰ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕਰਨ ਸਬੰਧੀ ਨਾਮਜ਼ਦਗੀ ‘ਤੇ ਵਿਚਾਰਾਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਮਿਲਣ ‘ਤੇ ਖ਼ੁਸ਼ੀ ਜਤਾਈ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜੈਪੁਰ ਸੱਭਿਆਚਾਰ ਅਤੇ ਬਹਾਦਰੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੀ ਮਹਿਮਾਨਨਿਵਾਜ਼ੀ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ ਮਿਲਣ ‘ਤੇ ਜੈਪੁਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਟਵੀਟ ਵਿਚ ਗਹਿਲੋਤ ਨੇ ਕਿਹਾ ਕਿ ਗੁਲਾਬੀ ਨਗਰੀ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਸੈਰ ਸਪਾਟੇ ਨੂੰ ਹੋਰ ਹੱਲਾਸ਼ੇਰੀ ਮਿਲੇਗੀ ਅਤੇ ਸੂਬੇ ਦੀ ਆਰਥਿਕਤਾ ਵਿਚ ਸੁਧਾਰ ਹੋਵੇਗਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯਾਦਗਾਰਾਂ ਅਤੇ ਸਥਾਨਾਂ ਬਾਰੇ ਕੌਮਾਂਤਰੀ ਪ੍ਰੀਸ਼ਦ ਨੇ 2018 ਵਿਚ ਸ਼ਹਿਰ ਦਾ ਨਿਰੀਖਣ ਕੀਤਾ ਸੀ ਜਿਸ ਮਗਰੋਂ ਹੁਣ ਜੈਪੁਰ ਨੂੰ ਵਿਸ਼ਵ ਵਿਰਾਸਤ ਦੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
Check Also
ਕਰਨਾਟਕ ਦੀ ਸਾਬਕਾ ਭਾਜਪਾ ਸਰਕਾਰ ’ਤੇ ਕੋਵਿਡ ਦੌਰਾਨ ਮਿਲੇ ਫੰਡਾਂ ’ਚ ਘੁਟਾਲੇ ਦਾ ਆਰੋਪ
ਕਾਂਗਰਸ ਦਾ ਦਾਅਵਾ : ਇਕ ਹਜ਼ਾਰ ਕਰੋੜ ਰੁਪਏ ਦੀ ਹੋਈ ਹੇਰਾਫੇਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਰਨਾਟਕ …