ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਸਿਆਸੀ ਅਤੇ ਫੌਜੀ ਆਗੂਆਂ ਨੇ ਫੌਜੀ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਮੁਆਫੀ ਮੰਗੀ ਹੈ। ਨੈਸ਼ਨਲ ਡਿਫੈਂਸ ਹੈੱਡਕੁਆਰਟਰ ਤੋਂ ਆਨਲਾਈਨ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਵਿੱਚ ਫੈਡਰਲ ਸਰਕਾਰ ਨੇ ਹਥਿਆਰਬੰਦ ਬਲਾਂ ਦੇ ਹਜ਼ਾਰਾਂ ਮੌਜੂਦਾ ਅਤੇ ਸਾਬਕਾ ਮੈਂਬਰਾਂ ਨੂੰ 46.8 ਕਰੋੜ ਡਾਲਰ ਫੰਡ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਸੇਵਾ ਦੌਰਾਨ ਅਜਿਹੇ ਵਿਹਾਰ ਦਾ ਸਾਹਮਣਾ ਕਰਨਾ ਪਿਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਤੇ ਫੌਜੀ ਲੀਡਰਸ਼ਿਪ ਨੂੰ ਜਿਨਸੀ ਦੁਰਵਿਹਾਰ ਦੇ ਆਰੋਪਾਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਦੀ ਅਗਵਾਈ ਵਿੱਚ 40 ਮਿੰਟ ਦੇ ਪ੍ਰੋਗਰਾਮ ਵਿੱਚ ਇਹ ਮੁਆਫ਼ੀ ਮੰਗੀ ਗਈ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਹਜ਼ਾਰਾਂ ਕੈਨੇਡੀਅਨਾਂ ਤੋਂ ਮੁਆਫੀ ਮੰਗਦੀ ਹਾਂ ਜਿਨ੍ਹਾਂ ਨੂੰ ਇਸ ਕਰਕੇ ਨੁਕਸਾਨ ਪਹੁੰਚਿਆ ਕਿਉਂਕਿ ਤੁਹਾਡੀ ਆਪਣੀ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕੀ ਅਤੇ ਨਾ ਹੀ ਅਸੀਂ ਨਿਆਂ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਹੀ ਇੰਤਜ਼ਾਮ ਕਰ ਸਕੇ।’
ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਵਿੱਚ ਆਨੰਦ ਦੀ ਨਵੇਂ ਰੱਖਿਆ ਮੰਤਰੀ ਵਜੋਂ ਨਿਯੁਕਤੀ ਮਗਰੋਂ ਕੈਨੇਡੀਅਨ ਫੌਜ ਨੂੰ ਆਪਣੇ ਸਭਿਆਚਾਰ ਵਿੱਚ ਬਦਲਾਅ ਲਈ ਲੋਕਾਂ ਦੇ ਨਾਲ ਨਾਲ ਸਿਆਸੀ ਸਫਾਂ ਤੋਂ ਵੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹੀ ਨਹੀਂ ਜਿਨਸੀ ਦੁਰਾਚਾਰ ਦੇ ਆਰੋਪਾਂ ਨਾਲ ਨਜਿੱਠਣ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਬਿਹਤਰ ਪ੍ਰਬੰਧ ਵਿਕਸਤ ਕੀਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਸੀ।
ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਜ਼ਖਮੀ
ਟੋਰਾਂਟੋ : ਵੁੱਡਬਾਈਨ ਐਵਨਿਊ ਤੇ ਗੇਰਾਰਡ ਸਟਰੀਟ ਈਸਟ ਏਰੀਆ ਵਿੱਚ ਇੱਕ ਬਹੁ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਜਾਣ ਕਾਰਨ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਦੋ ਅਲਾਰਮ ਵਾਲੀ ਅੱਗ ਰਾਤੀਂ 9:40 ਦੇ ਨੇੜੇ ਤੇੜੇ ਲੱਗੀ।
ਜ਼ਖਮੀ ਵਿਅਕਤੀ ਨੂੰ ਮੌਕੇ ਉੱਤੇ ਹੀ ਪੈਰਾਮੈਡਿਕਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਅੱਗ ਕਾਫੀ ਜਬਰਦਸਤ ਸੀ ਤੇ ਬਿਲਡਿੰਗ ਦਾ ਅੱਧਾ ਹਿੱਸਾ ਖਾਲੀ ਕਰਵਾ ਲਿਆ ਗਿਆ। ਟੀਟੀਸੀ ਨੇ ਇਮਾਰਤ ਖਾਲੀ ਕਰਕੇ ਆਏ ਲੋਕਾਂ ਨੂੰ ਪਨਾਹ ਦੇਣ ਲਈ ਬੱਸਾਂ ਵੀ ਭੇਜੀਆਂ।
ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ਪਰ ਫਾਇਰ ਕ੍ਰਿਊ ਮੌਕੇ ਉੱਤੇ ਹੀ ਮੌਜੂਦ ਰਿਹਾ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।