Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਤਾਲਾਬੰਦੀ ਜਾਰੀ

ਬਰੈਂਪਟਨ ‘ਚ ਤਾਲਾਬੰਦੀ ਜਾਰੀ

ਵਿਆਹਾਂ ਤੇ ਸਸਕਾਰ ਸਮੇਂ 10 ਤੋਂ ਵੱਧ ਵਿਅਕਤੀ ਨਹੀਂ ਹੋ ਸਕਦੇ ਸ਼ਾਮਿਲ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ਵਿਚ ਪਿਛਲੇ ਦਿਨਾਂ ਤੋਂ ਕਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਰਕੇ ਉਨਟਾਰੀਓ ਸਰਕਾਰ ਵਲੋਂ 28 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਬਰੈਂਪਟਨ ਨਾਲ ਮਿਸੀਸਾਗਾ, ਕੈਲੇਡਨ ਅਤੇ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵੀ ਤਾਲਾਬੰਦੀ ਦੇ ਹਾਲਾਤ ਵਿੱਚੋਂ ਲੰਘ ਰਹੇ ਹਨ । ਸਿਨੇਮਾ ਘਰ, ਕੈਸੀਨੋ, ਫਿਟਨੈੱਸ ਸੈਂਟਰ, ਬਿਊਟੀ ਸਲੂਨ ਸਮੇਤ ਸਾਰੇ ਗੈਰ-ਜਰੂਰੀ ਕਾਰੋਬਾਰ ਬੰਦ ਕੀਤੇ ਗਏ ਹਨ, ਪਰ ਰੋਜ਼ਾਨਾ ਜ਼ਿੰਦਗੀ ਲਈ ਲੋੜੀਂਦੇ ਸਾਮਾਨ ਵੇਚਣ ਵਾਲੇ ਕਾਰੋਬਾਰ ਖੁੱਲ੍ਹੇ ਰੱਖੇ ਗਏ ਹਨ। ਇਹ ਤਾਲਾਬੰਦੀ ਦਸੰਬਰ ਦੇ ਤੀਸਰੇ ਹਫਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਤਹਿਤ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਅਤੇ ਮਹਿਮਾਨ ਨਾ ਸੱਦਣ ਦੀ ਸਲਾਹ ਦਿੱਤੀ ਗਈ ਹੈ। ਇਸੇ ਦੌਰਾਨ ਉਨਟਾਰੀਓ ਵਿਚ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਵਲੋਂ ਕੋਵਿਡ-19 ਨਾਲ ਸਬੰਧਿਤ ਪਾਬੰਦੀਆਂ ਦੀ ਪਾਲਣਾ ਕਰਨ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ। ਟੋਰਾਂਟੋ, ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਸਥਿਤ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ ਜਾਂ ਕਿਸੇ ਵੀ ਹੋਰ ਸ਼ਰਧਾ ਦੇ ਸਥਾਨਾਂ ਵਿਚ ਤਾਲਾਬੰਦੀ ਦੇ ਦੌਰਾਨ ਸੀਮਤ ਸੇਵਾਵਾਂ ਮਿਲ ਸਕਦੀਆਂ ਹਨ। ਵਿਆਹਾਂ ਤੇ ਸਸਕਾਰ ਸਮੇਂ 10 ਤੋਂ ਵੱਧ ਵਿਅਕਤੀ ਸ਼ਾਮਿਲ ਨਹੀਂ ਹੋ ਸਕਦੇ। ਇਹ ਵੀ ਕਿ ਹੋਰ ਜਨਤਕ ਥਾਵਾਂ ਵਾਂਗ ਸਾਰੇ ਧਾਰਮਿਕ ਅਸਥਾਨਾਂ ਦੇ ਅੰਦਰ ਜਾਂ ਬਾਹਰ ਵੀ ਇਕ ਸਮੇਂ 10 ਤੋਂ ਵੱਧ ਲੋਕਾਂ ਨੂੰ ਇਕੱਤਰ ਹੋਣ ਦੀ ਆਗਿਆ ਨਹੀਂ ਹੈ । ਮਾਹਿਰਾਂ ਵਲੋਂ ਨਿਰਧਾਰਤ ਕੀਤੀ ਗਈ ਇਕ-ਦੂਸਰੇ ਤੋਂ ਸਰੀਰਕ ਦੂਰੀ (2 ਮੀਟਰ/6 ਫੁੱਟ) ਬਣਾ ਕੇ ਰੱਖਣਾ ਜਰੂਰੀ ਹੈ । ਮੱਥਾ ਟੇਕਣ ਲਈ ਅੰਦਰ ਜਾਣ ਸਮੇਂ ਮੂੰਹ ਉਪਰ ਮਾਸਕ ਪਾਉਣਾ ਜਾਂ ਮੂੰਹ ਕੱਜਣਾ ਜ਼ਰੂਰੀ ਹੈ। ਟੋਰਾਂਟੋ ਇਲਾਕੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸੰਗਤ ਨੂੰ ਆਪਣੇ ਸਿਰ ਢੱਕਣ ਲਈ ਆਪਣੇ ਰੁਮਾਲ ਲਿਆਉਣ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …