Breaking News
Home / ਜੀ.ਟੀ.ਏ. ਨਿਊਜ਼ / ਸਕੂਲ ਖੋਲ੍ਹ ਕੇ ਬੱਚਿਆਂ ਦੀ ਜਾਨ ਖਤਰੇ ਵਿੱਚ ਨਹੀਂ ਪਾ ਸਕਦੇ : ਡਗ ਫੋਰਡ

ਸਕੂਲ ਖੋਲ੍ਹ ਕੇ ਬੱਚਿਆਂ ਦੀ ਜਾਨ ਖਤਰੇ ਵਿੱਚ ਨਹੀਂ ਪਾ ਸਕਦੇ : ਡਗ ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਦੇ ਚਲਦਿਆਂ ਓਨਟਾਰੀਓ ‘ਚ ਸਕੂਲ ਬੰਦ ਪਏ ਹਨ, ਜਿਨ੍ਹਾਂ ਬਾਰੇ ਬੋਲਦਿਆਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਫ਼ਿਲਹਾਲ ਸਕੂਲ ਖੋਲ੍ਹ ਕੇ ਬੱਚਿਆਂ ਦੀ ਜਾਨ ਨੂੰ ਖਤਰੇ ਵਿਚ ਨਹੀਂ ਪਾਇਆ ਜਾ ਸਕਦਾ। ਫੋਰਡ ਸਰਕਾਰ ਨੇ ਆਖਿਆ ਕਿ ਸਕੂਲ ਵਰ੍ਹਾਂ ਖਤਮ ਹੋਣ ਤੋਂ ਪਹਿਲਾਂ ਵਿਦਿਆਰਥੀ ਕਲਾਸਾਂ ਵਿੱਚ ਵਾਪਿਸ ਨਹੀਂ ਜਾਣਗੇ। ਸਿੱਖਿਆ ਮੰਤਰੀ ਸਟੀਫਨ ਲਿਚੇ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦੀ ਹਾਜਰੀ ਵਿੱਚ ਕੁਈਨਜ ਪਾਰਕ ਵਿੱਚ ਗੱਲ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਹੋਰ ਸਟਾਫ ਦੇ ਕਲਾਸਾਂ ਵਿੱਚ ਢੁੱਕਣ ਦਾ ਇਹ ਸਹੀ ਵੇਲਾ ਨਹੀਂ ਹੈ। ਫੋਰਡ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਏ ਗਏ ਡੈਲਟਾ ਬੀ.1.617 ਕੋਵਿਡ-19 ਵੇਰੀਐਂਟ ਦੇ ਤੇਜੀ ਨਾਲ ਫੈਲਣ ਉੱਤੇ ਚਿੰਤਾ ਪ੍ਰਗਟਾਈ ਤੇ ਉਨ੍ਹਾਂ ਆਖਿਆ ਕਿ ਓਨਟਾਰੀਓ ਵਿੱਚ ਇਹ ਸਟਰੇਨ ਤੇਜੀ ਨਾਲ ਫੈਲ ਸਕਦਾ ਹੈ। ਫੋਰਡ ਨੇ ਆਖਿਆ ਕਿ ਉਹ ਇਸ ਤਰ੍ਹਾਂ ਦੇ ਖਤਰੇ ਮੁੱਲ ਨਹੀਂ ਲੈ ਸਕਦੇ। ਜਿਕਰਯੋਗ ਹੈ ਕਿ ਓਨਟਾਰੀਓ ਹੀ ਇੱਕ ਮਾਤਰ ਅਜਿਹਾ ਕੈਨੇਡੀਅਨ ਪ੍ਰੋਵਿੰਸ ਹੈ ਜਿੱਥੇ ਇਨ ਪਰਸਨ ਲਰਨਿੰਗ ਲਈ ਸਕੂਲ ਬੰਦ ਰੱਖੇ ਗਏ ਹਨ। ਇਸ ਮੌਕੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਉਨ੍ਹਾਂ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਸੇਫਟੀ ਹੀ ਉਨ੍ਹਾਂ ਦੀ ਤਰਜੀਹ ਤੇ ਸਿਧਾਂਤ ਹੈ।
ਸਕੂਲ ਮੁੜ ਖੋਲ੍ਹਣ ਲਈ ਰਾਇ ਜਾਨਣ ਵਾਸਤੇ ਡਾਕਟਰਾਂ ਤੇ ਮਾਹਿਰਾਂ ਨੂੰ ਫੋਰਡ ਨੇ ਲਿਖਿਆ ਖੁੱਲ੍ਹਾ ਪੱਤਰ
ਉਨਟਾਰੀਓ : ਪ੍ਰੀਮੀਅਰ ਡੱਗ ਫੋਰਡ ਵੱਲੋਂ ਐਜੁਕੇਟਰਜ਼, ਸਾਇੰਟਿਸਟਸ, ਡਾਕਟਰਜ਼ ਤੇ ਯੂਨੀਅਨਾਂ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਸੱਤ ਸਵਾਲ ਪੁੱਛੇ ਗਏ ਹਨ। ਮੁੱਖ ਤੌਰ ਉੱਤੇ ਫੋਰਡ ਵੱਲੋਂ ਇਹ ਪੁੱਛਿਆ ਗਿਆ ਹੈ ਕਿ ਸਕੂਲਾਂ ਨੂੰ ਇਨ ਪਰਸਨ ਲਰਨਿੰਗ ਲਈ ਕਦੋਂ ਸੇਫ ਢੰਗ ਨਾਲ ਖੋਲ੍ਹਿਆ ਜਾ ਸਕਦਾ ਹੈ। ਇਸ ਪੱਤਰ ਵਿੱਚ ਫੋਰਡ ਨੇ ਆਖਿਆ ਕਿ ਉਨ੍ਹਾਂ ਤੋਂ ਜ਼ਿਆਦਾ ਸਕੂਲਾਂ ਨੂੰ ਸੇਫ ਢੰਗ ਨਾਲ ਖੋਲ੍ਹਣ ਲਈ ਕੋਈ ਹੋਰ ਫਿਕਰ ਨਹੀਂ ਕਰ ਸਕਦਾ। ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਜਲਦ ਤੋਂ ਜਲਦ ਬੱਚਿਆਂ ਨੂੰ ਸਕੂਲ ਵਾਪਿਸ ਸੱਦਣਾ ਚਾਹੁੰਦੀ ਹੈ ਪਰ ਇਹ ਸਿਰਫ ਉਸ ਸਮੇਂ ਹੀ ਸੰਭਵ ਹੋ ਸਕਦਾ ਹੈ ਕਿ ਜਦੋਂ ਸਾਇੰਟਿਫਿਕ ਸਲਾਹ ਦੇ ਆਧਾਰ ਉੱਤੇ ਆਮ ਸਹਿਮਤੀ ਬਣੇ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਤੇ ਸਟਾਫ ਨੂੰ ਦਰਪੇਸ਼ ਖਤਰਿਆਂ ਬਾਰੇ ਵੀ ਵਿਚਾਰ ਵਟਾਂਦਰਾ ਪਹਿਲਾਂ ਹੀ ਕੀਤਾ ਗਿਆ ਹੋਵੇ। ਪ੍ਰੀਮੀਅਰ ਨੇ ਇਹ ਵੀ ਲਿਖਿਆ ਕਿ ਪਿਛਲੇ ਕੁੱਝ ਹਫਤਿਆਂ ਤੋਂ ਉਨਟਾਰੀਓ ਵਿੱਚ ਸਕੂਲਾਂ ਨੂੰ ਮੁੜ ਖੋਲ੍ਹੇ ਜਾਣ ਦੇ ਸਬੰਧ ਵਿੱਚ ਕਾਫੀ ਚਰਚਾ ਚੱਲ ਰਹੀ ਹੈ ਤੇ ਕਈ ਤਰ੍ਹਾਂ ਦੀਆਂ ਕਨਸੋਆਂ ਵੀ ਹਨ। ਇਸ ਪੱਤਰ ਵਿੱਚ ਪ੍ਰੀਮੀਅਰ ਨੇ ਡਾਕਟਰਜ਼, ਸਾਇੰਟਿਸਟਸ ਤੇ ਐਜੂਕੇਟਰਜ਼ ਤੋਂ ਜਿਹੜੇ ਸਵਾਲ ਪੁੱਛੇ ਹਨ ਉਨ੍ਹਾਂ ਦੇ ਹਿਸਾਬ ਨਾਲ ਇਨ੍ਹਾਂ ਦਾ ਜਵਾਬ ਸੁੱਕਰਵਾਰ ਨੂੰ ਸ਼ਾਮੀਂ 5:00 ਵਜੇ ਮਿਲ ਜਾਵੇਗਾ ਤੇ ਉਨ੍ਹਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਹੀ ਉਨ੍ਹਾਂ ਦੀ ਸਰਕਾਰ ਇਸ ਸਬੰਧ ਵਿੱਚ ਕੋਈ ਫੈਸਲਾ ਕਰੇਗੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …