ਗਰੌਸਰੀ ਰੀਟੇਲਰਜ਼ ਨੂੰ ਨੋਟਿਸ ਜਾਰੀ ਕਰਕੇ ਕੀਮਤਾਂ ‘ਚ ਵਾਧਾ ਹੋਣ ਦੀ ਦਿੱਤੀ ਜਾ ਰਹੀ ਹੈ ਜਾਣਕਾਰੀ
ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੂਡ ਸਪਲਾਇਰਜ਼ ਵੱਲੋਂ ਇੱਕ ਵਾਰੀ ਫਿਰ ਗਰੌਸਰੀ ਰੀਟੇਲਰਜ਼ ਨੂੰ ਨੋਟਿਸ ਜਾਰੀ ਕਰਕੇ ਕੀਮਤਾਂ ਵਿੱਚ ਵਾਧਾ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਨ੍ਹਾਂ ਸਟੋਰਜ਼ ਨੂੰ ਲਿਖੇ ਗਏ ਪੱਤਰਾਂ ਵਿੱਚ ਆਖਿਆ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਗਰੌਸਰੀ ਸਟੋਰਜ਼ ਉੱਤੇ ਕਈ ਆਈਟਮਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਪਹਿਲਾਂ ਹੀ ਫੂਡ ਦੀ ਕੀਮਤ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਕੁੱਝ ਮਾਮਲਿਆਂ ਵਿੱਚ ਕੈਨੇਡੀਅਨ ਡੇਅਰੀ ਕਮਿਸ਼ਨ ਵੱਲੋਂ ਇਸ ਸਾਲ ਦੂਜੀ ਵਾਰੀ ਵਧਾਈਆਂ ਗਈਆਂ ਦੁੱਧ ਦੀਆਂ ਕੀਮਤਾਂ ਸ਼ਾਮਲ ਹਨ, ਇਸ ਨਾਲ ਫਾਰਮ ਤੋਂ ਆਉਣ ਵਾਲੀਆਂ ਦੁੱਧ ਨਾਲ ਬਣੀਆਂ ਚੀਜ਼ਾਂ ਦੀਆਂ ਕੀਮਤਾਂ ਦੋ ਸੈਂਟ ਪ੍ਰਤੀ ਲੀਟਰ ਜਾਂ ਪਹਿਲੀ ਸਤੰਬਰ ਤੋਂ 2.5 ਸੈਂਟ ਤੱਕ ਵੱਧ ਸਕਦੀਆਂ ਹਨ।
ਹਾਲਾਂਕਿ ਡੇਅਰੀ ਪ੍ਰੋਸੈਸਿੰਗ ਕੰਪਨੀਆਂ ਨੂੰ ਆਪਣੀਆਂ ਕੀਮਤਾਂ ਵਿੱਚ ਹੋਏ ਵਾਧੇ ਨਾਲ ਵੀ ਨਜਿੱਠਣਾ ਪੈ ਰਿਹਾ ਹੈ। ਇੰਡਸਟਰੀ ਮਾਹਿਰਾਂ ਵੱਲੋਂ ਪਹਿਲਾਂ ਹੀ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਮਿਸਾਲ ਵਜੋਂ ਲੈਕਟੈਲਿਸ ਕੈਨੇਡਾ ਵੱਲੋਂ ਆਪਣੇ ਗਾਹਕਾਂ ਨੂੰ ਲਿਖੇ ਪੱਤਰ ਵਿੱਚ ਇਹ ਆਖਿਆ ਗਿਆ ਹੈ ਕਿ ਸਤੰਬਰ ਵਿੱਚ ਉਸ ਨੂੰ ਔਸਤ ਕੌਮੀ ਮਾਰਕਿਟ ਵਾਧੇ ਦੇ ਹਿਸਾਬ ਨਾਲ ਪੰਜ ਫੀਸਦੀ ਕੀਮਤਾਂ ਵਧਾਉਣੀਆਂ ਹੀ ਹੋਣਗੀਆਂ। ਇਹ ਵੀ ਆਖਿਆ ਗਿਆ ਕਿ ਇਹ ਵਾਧਾ ਸੀਡੀਸੀ ਕੀਮਤਾਂ ਵਿੱਚ ਹੋਏ ਇਜਾਫੇ ਤੇ ਕੰਪਨੀ ਨੂੰ ਦਰਪੇਸ਼ ਮਹਿੰਗਾਈ ਸਬੰਧੀ ਵਾਧੇ ਕਾਰਨ ਕੀਤਾ ਜਾ ਰਿਹਾ ਹੈ। ਆਰਲਾ ਫੂਡਜ਼ ਕੈਨੇਡਾ ਵੱਲੋਂ ਵੀ ਇਸੇ ਤਰ੍ਹਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਦੁੱਧ ਦੀਆਂ ਉੱਚੀਆਂ ਕੀਮਤਾਂ ਕਾਰਨ ਹੋਵੇਗਾ ਤੇ ਇਸ ਤੋਂ ਇਲਾਵਾ ਮਾਲ ਭਾੜੇ ਤੇ ਪੈਕੇਜਿੰਗ ਉੱਤੇ ਹੋਣ ਵਾਲੇ ਖਰਚੇ ਵਿੱਚ ਵਾਧੇ ਕਾਰਨ ਵੀ ਹੋਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਸਟੋਰਜ਼ ਤੋਂ ਖਰੀਦੇ ਜਾਣ ਵਾਲੇ ਹਰ ਤਰ੍ਹਾਂ ਦੇ ਫੂਡਜ਼ ਉੱਤੇ ਇੱਕ ਸਾਲ ਪਹਿਲਾਂ ਮਈ ਵਿੱਚ 9.7 ਫੀ ਸਦੀ ਦਾ ਵਾਧਾ ਹੋਇਆ, ਗਰੌਸਰੀ ਦੀ ਹਰ ਆਈਟਮ ਉੱਤੇ ਇਹ ਵਾਧਾ ਦਰਜ ਕੀਤਾ ਗਿਆ। ਇਹ ਖੁਲਾਸਾ ਪਿਛਲੇ ਮਹੀਨੇ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਹੋਇਆ।