
ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਦੀ ਕੌਮੀ ਰਾਜਧਾਨੀ ਨਵੀਂ ਦਿੱਲੀ ਦੀ ਹਵਾ ਸ਼ਨੀਵਾਰ ਨੂੰ ਬੇਹੱਦ ਖਰਾਬ ਸਥਿਤੀ ਵਿਚ ਪਹੁੰਚ ਗਈ ਅਤੇ ਰਿਕਾਰਡ ਪ੍ਰਦੂਸ਼ਣ ਦੇਖਣ ਨੂੰ ਮਿਲਿਆ। ਦਿੱਲੀ ਦੇ 10 ਤੋਂ ਜ਼ਿਆਦਾ ਸਟੇਸ਼ਨਾਂ ’ਤੇ ਸਵੇਰੇ 7 ਵਜੇ ਏਅਰ ਕੁਆਲਿਟੀ ਇੰਡੈਕਸ 400 ਤੋਂ ਵੱਧ ਦਰਜ ਕੀਤਾ ਗਿਆ ਜਦਕਿ ਜਹਾਂਗੀਰਪੁਰੀ ’ਚ ਏਅਰ ਕੁਆਲਿਟੀ ਇੰਡੈਕਸ 445 ਦਰਜ ਕੀਤਾ ਗਿਆ। ਵਧਦੇ ਹੋਏ ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸਰਕਾਰੀ ਦਫ਼ਤਰਾਂ ਦੇ ਲਈ ਨਵੇਂ ਟਾਈਮ ਟੇਬਲ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦੇ ਦਫ਼ਤਰ ਸਵੇਰੇ 9 ਤੋਂ ਸ਼ਾਮ 5: 30 ਵਜੇ ਤੱਕ, ਦਿੱਲੀ ਸਰਕਾਰ ਦੇ ਦਫ਼ਤਰ ਸਵੇਰੇ 10 ਵਜੇ ਤੋਂ 6:30 ਵਜੇ ਤੱਕ ਐਮਸੀਡੀ ਦੇ ਦਫ਼ਤਰ ਸਵੇਰੇ 8:30 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ। ਦਿੱਲੀ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਬੱਚੇ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਈ ਕਰਨਗੇ। ਜਦਕਿ 6 ਵੀਂ ਕਲਾਸ ਤੋਂ 12 ਕਲਾਸ ਤੱਕ ਦੇ ਵਿਦਿਆਰਥੀਆਂ ਦੇ ਲਈ ਮਾਸਕ ਪਹਿਨਣਾ ਜ਼ਰੂਰ ਕਰ ਦਿੱਤਾ ਗਿਆ ਹੈ। ਸਰਕਾਰ ਨੇ ਮੈਟਰੋ ਅਤੇ ਬੱਸਾਂ ਦੇ ਰੂਟ ਵੀ ਵਧਾ ਦਿੱਤੇ ਹਨ ਤਾਂ ਜੋ ਆਮ ਲੋਕਾਂ ਨੂੰ ਨਿੱਜੀ ਵਾਹਨਾਂ ਦੀ ਘੱਟ ਵਰਤੋਂ ਕਰਨੀ ਪਵੇ।

