ਕਿਹਾ : ਅਕਾਲੀ ਦਲ ਦੀ ਸਰਕਾਰ ਸਮੇਂ ਬਣੇ ਸਕੂਲਾਂ ਨੂੰ ਮਾਨ ਸਰਕਾਰ ਨੇ ਕਰਵਾਇਆ ਰੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੰਮਿ੍ਰਤਸਰ ਜ਼ਿਲ੍ਹੇ ਦੇ ਛੇਹਰਟਾ ’ਚ ਖੋਲ੍ਹੇ ਗਏ ਸਕੂਲ ਆਫ਼ ਐਮੀਨੈਂਸ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਈ ਗੰਭੀਰ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੇ ਸਕੂਲਾਂ ਨੂੰ ਸਿਰਫ਼ ਰੰਗ-ਰੋਗਨ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੰਜਾਬ ਵਿਚ ਕੋਈ ਨਵਾਂ ਕੰਮ ਕੀਤਾ ਤਾਂ ਉਹ ਉਸ ਬਾਰੇ ਦੱਸਣ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿੱਗ ਬੌਸ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਪੂਰੇ ਪੰਜਾਬ ਨੂੰ ਆਪਣੀ ਸੇਵਾ ’ਚ ਲਗਾ ਦਿੱਤਾ। ਇਥੋਂ ਕਿ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ। ਰੈਲੀ ਵਿਚ ਪੰਜਾਬ ਭਰ ’ਚੋਂ ਲੋਕਾਂ ਨੂੰ ਲਿਆਉਣ ਲਈ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਗਈ ਜਦਕਿ ਸਵਾਰੀਆਂ ਬੱਸਾਂ ਦੀ ਉਡੀਕ ’ਚ ਬੱਸ ਅੱਡਿਆਂ ’ਤੇ ਖੱਜਲ-ਖੁਆਰ ਹੁੰਦੀਆਂ ਰਹੀਆਂ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਕੂਲ ਆਫ਼ ਐਮੀਨੈਂਸ ਦੇ ਮੁੱਦੇ ’ਤੇ ‘ਆਪ’ ਸਰਕਾਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸਵਾਲ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਜਿੱਥੋਂ ਤੱਕ ਮੇਰਾ ਖਿਆਲ ਕਿ ਇਸ ਸਕੂਲ ਨੂੰ ਸਿਰਫ਼ ਰੰਗ-ਰੰਗ ਰੋਗਨ ਕਰਕੇ ਹੀ ਚਮਕਾਇਆ ਗਿਆ ਹੈ ਜਦਕਿ ਇਸ ਵਿਚ ਕੁੱਝ ਵੀ ਨਹੀਂ ਨਵਾਂ ਨਹੀਂ।