Breaking News
Home / ਕੈਨੇਡਾ / Front / ਨਰਿੰਦਰ ਮੋਦੀ ਨੇ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ

ਨਰਿੰਦਰ ਮੋਦੀ ਨੇ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ

ਸਾਲ 2024 ’ਚ ਬ੍ਰਾਜ਼ੀਲ ’ਚ ਹੋਵੇਗਾ ਜੀ-20 ਸਿਖਰ ਸੰਮੇਲਨ


ਨਵੀਂ ਦਿੱਲੀ/ਬਿਊਰੋ ਨਿਊਜ਼ : ਜੀ-20 ਸਿਖਰ ਸੰਮੇਲਨ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਜ਼ ਇਨਾਸੀਓ ਲੂਲਾ ਡੀਸਿਲਵਾ ਨੂੰ ਸੌਂਪ ਦਿੱਤੀ। ਮੋਦੀ ਨੇ ਰਸਮੀ ਹਥੌੜਾ ਡੀਸਿਲਵਾ ਦੇ ਹੱਥ ਫੜਾ ਕੇ ਇਸ ਅਧਿਕਾਰਤ ਰਸਮ ਨੂੰ ਪੂਰਾ ਕੀਤਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਬ੍ਰਾਜ਼ੀਲ ਅਗਲੇ ਸਾਲ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦਾ ਆਯੋਜਨ ਕਰੇਗਾ। ਇਸ ਮੌਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਗਰੀਬ ਦੇਸ਼ਾਂ ਦੇ ਕਰਜ਼ੇ ਦੀ ਸਮੱਸਿਆ ’ਤੇ ਧਿਆਨ ਦੇਣਾ ਹੋਵੇਗਾ। ਦੁਨੀਆ ਵਿਚੋਂ ਭੁੱਖਮਰੀ ਖਤਮ ਕਰਨ ਦੀ ਕੋਸ਼ਿਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ। ਪ੍ਰਧਾਨਗੀ ਮਿਲਣ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਸਮੇਂ ਮੈਂ ਕਾਫ਼ੀ ਭਾਵੁਕ ਹੋ ਗਿਆ ਸੀ। ਸਭ ਜਾਣਦੇ ਹਨ ਕਿ ਮੇਰੇ ਰਾਜਨੀਤਿਕ ਜੀਵਨ ’ਚ ਮਹਾਤਮਾ ਗਾਂਧੀ ਦਾ ਕਿੰਨਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਦੀ ਪ੍ਰੈਜੀਡੈਂਸੀ ਦੀਆਂ ਤਿੰਨ ਪਹਿਲਕਦਮੀਆਂ ਹੋਣਗੀਆਂ ਜਿਨ੍ਹਾਂ ਵਿਚੋਂ ਪਹਿਲੀ ਸਮਾਜਿਕ ਨਿਆਂ ਅਤੇ ਭੁੱਖਮਰੀ ਦੇ ਖਿਲਾਫ ਲੜਾਈ, ਦੂਜੀ ਸਸਟੇਨੇਬਲ ਡਿਵੈਲਪਮੈਂਟ ਅਤੇ ਤੀਜੀ ਦੁਨੀਆ ਦੀਆਂ ਸੰਸਥਾਵਾਂ ’ਚ ਬਦਲਾਅ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-20 ਸਮੂਹ ਦੀ ਕੁਸ਼ਲਤਾ ਨਾਲ ਅਗਵਾਈ ਕਰਨ ਅਤੇ ਇਸ ਸੰਮੇਲਨ ਵਿਚ ਸ਼ਾਨਦਾਰ ਕੰਮ ਕਰਨ ਲਈ ਵਧਾਈ ਦਿੰਦਾ ਹਾਂ। ਡੀਸਿਲਵਾ ਨੇ ਸਮਾਜਿਕ ਸ਼ਮੂਲੀਅਤ, ਭੁੱਖਮਰੀ ਵਿਰੁੱਧ ਲੜਾਈ, ਊਰਜਾ ਤਬਦੀਲੀ ਅਤੇ ਟਿਕਾਊ ਵਿਕਾਸ ਨੂੰ ਜੀ-20 ਦੀਆਂ ਤਰਜੀਹਾਂ ਵਜੋਂ ਸੂਚੀਬੱਧ ਕੀਤਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਆਪਣੀ ਰਾਜਨੀਤਿਕ ਸ਼ਕਤੀ ਨੂੰ ਕਾਇਮ ਰੱਖਣ ਲਈ ਸਥਾਈ, ਗੈਰ-ਸਥਾਈ ਮੈਂਬਰਾਂ ਵਜੋਂ ਨਵੇਂ ਵਿਕਾਸਸ਼ੀਲ ਦੇਸ਼ਾਂ ਦੀ ਲੋੜ ਹੈ। ਅਸੀਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਵਿਚ ਵਿਕਾਸਸ਼ੀਲ ਦੇਸ਼ਾਂ ਲਈ ਵੱਧ ਪ੍ਰਤੀਨਿਧਤਾ ਚਾਹੁੰਦੇ ਹਾਂ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …