ਅਮਰੀਕਾ ਨੂੰ ਮਹਾਨ ਬਣਾਈ ਰੱਖਣਾ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਪ੍ਰਗਟਾਈ ਹੈ ਕਿ ਉਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਨਾਲ ਉਨ੍ਹਾਂ ਦੀ ਹੋਣ ਵਾਲੀ ਗੱਲਬਾਤ ਇਤਿਹਾਸਕ ਸਾਬਤ ਹੋਵੇਗੀ ਅਤੇ ਉਤਰੀ ਕੋਰੀਆ ਗੱਲਬਾਤ ਸਬੰਧੀ ਆਪਣਾ ਵਾਅਦਾ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਉਤਰੀ ਕੋਰੀਆ ਨੇ 28 ਨਵੰਬਰ 2017 ਤੋਂ ਬਾਅਦ ਹੁਣ ਤੱਕ ਕੋਈ ਮਿਜ਼ਾਈਲ ਪ੍ਰੀਖਣ ਨਹੀਂ ਕੀਤਾ। ਉਤਰੀ ਕੋਰੀਆ ਨੇ ਵਾਅਦਾ ਕੀਤਾ ਹੈ ਕਿ ਬੈਠਕ ਤੋਂ ਪਹਿਲਾਂ ਉਹ ਕੋਈ ਵੀ ਪ੍ਰੀਖਣ ਨਹੀਂ ਕਰੇਗਾ। ਮੈਨੂੰ ਉਮੀਦ ਹੈ ਕਿ ਉਤਰੀ ਕੋਰੀਆ ਆਪਣੇ ਸਭ ਵਾਅਦੇ ਪੂਰੇ ਕਰੇਗਾ ਤਾਂ ਜੋ ਗੱਲਬਾਤ ਦੇ ਰਾਹ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ। ਟਰੰਪ ਨੇ ਅਗਲੀਆਂ ਚੋਣਾਂ ਲਈ ਆਪਣੇ ਦੇਸ਼ ਵਾਸੀਆਂ ਲਈ ਇਕ ਨਵਾਂ ਨਾਅਰਾ ‘ਅਮਰੀਕਾ ਨੂੰ ਮਹਾਨ ਬਣਾਈ ਰੱਖਣਾ’ ਦਿੱਤਾ। ਉਨ੍ਹਾਂ ਪਿਟਸਬਰਗ ਵਿਖੇ ਇਕ ਰੈਲੀ ਵਿਚ ਕਿਹਾ ਦੋ ਸਾਲ ਤੱਕ ਸਾਡਾ ਇਹ ਨਾਅਰਾ ਰਹੇਗਾ। ਰੈਲੀ ਵਿਚ ਮੌਜੂਦ ਟਰੰਪ ਦੇ ਹਮਾਇਤੀਆਂ ਨੇ ਜੋ ਹੈਟ ਪਾਏ ਹੋਏ ਸਨ, ਉਨ੍ਹਾਂ ‘ਤੇ ਵੀ ਅੰਗਰੇਜ਼ੀ ਵਿਚ ਇਸ ਸਬੰਧੀ ਨਾਅਰੇ ਨੂੰ ਲਿਖਿਆ ਹੋਇਆ ਸੀ।
ਅਮਰੀਕਾ ਤੇ ਭਾਰਤ ਸਮੇਤ ਦੁਨੀਆ ਦੇ ਲੋਕਰਾਜ ਚੌਰਾਹੇ ‘ਤੇ : ਹਿਲੇਰੀ
ਕਿਹਾ, ਲੋਕ ਰਾਜ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ
ਮੁੰਬਈ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਦੁਨੀਆ ਭਰ ਵਿੱਚ ਲੋਕਰਾਜ ਚੌਰਾਹੇ ‘ਤੇ ਆਣ ਖੜ੍ਹਾ ਹੈ ਅਤੇ ਲੋਕ ਰਾਜ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਭਾਰਤ ਨੂੰ ਵਧੇਰੇ ਗਤੀਸ਼ੀਲ ਬਣਨ ਅਤੇ ਏਸ਼ੀਆ ਦੇ ਭਵਿੱਖ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਬੀਬੀ ਕਲਿੰਟਨ ਨੇ ਕਿਹਾ ਕਿ ਉਪ ਮਹਾਂਦੀਪ ਦਾ ਭਵਿੱਖ ਇਸ ਦੇ ਲੋਕ ਹੀ ਲਿਖਣਗੇ। ਅਮਰੀਕਾ ਤੇ ਭਾਰਤ ਸਮੇਤ ਦੁਨੀਆ ਦੇ ਲੋਕਰਾਜ ਚੌਰਾਹੇ ‘ਤੇ ਖੜ੍ਹੇ ਹਨ। ਇਹ ਨਾ ਕੇਵਲ ਸਰਕਾਰਾਂ ਤੇ ਸਿਆਸੀ ਆਗੂਆਂ ਦਾ ਸਗੋਂ ਕਾਰੋਬਾਰੀ ਮੋਹਰੀਆਂ, ਮੀਡੀਆ ਤੇ ਆਮ ਨਾਗਰਿਕਾਂ ਦਾ ਵੀ ਸਰੋਕਾਰ ਹੋਣਾ ਚਾਹੀਦਾ ਹੈ। ਉਹ ਇੱਥੇ ਇਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇੱਕੀਵੀਂ ਸਦੀ ਤੇ ਉਸ ਤੋਂ ਬਾਅਦ ਦਾ ਸਾਡਾ ਸਾਂਝਾ ਭਵਿੱਖ ਏਸ਼ੀਆ ਵਿਚ ਲਿਖਿਆ ਜਾਵੇਗਾ ਅਤੇ ਏਸ਼ੀਆ ਦਾ ਬਹੁਤੇਰਾ ਭਵਿੱਖ ਭਾਰਤ ઠਤੇ ਇਸ ਦੇ 1.3 ਅਰਬ ਲੋਕਾਂ ਵੱਲੋਂ ਲਿਖਿਆ ਜਾਵੇਗਾ। ઠਉਨ੍ਹਾਂ ਕਿਹਾ ਕਿ ਜਲਵਾਯੂ, ਮਨੁੱਖੀ ਹੱਕਾਂ ਅਤੇ ਹੋਰਨਾਂ ਮੁੱਦਿਆਂ ‘ਤੇ ਭਾਰਤ ਦੀ ਅਗਵਾਈ ‘ਤੇ ਦੁਨੀਆ ਦੀ ਟੇਕ ਵਧ ਰਹੀ ਹੈ।
ਟਰੰਪ ਵੱਲੋਂ ਟਿਲਰਸਨ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਬਰਖਾਸਤ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਗੱਲਾਂ ‘ਚ ਟਕਰਾਅ ਹੋਣ ਕਾਰਨ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੂੰ ਬਰਖਾਸਤ ਕਰਕੇ ਉਨ੍ਹਾਂ ਦੀ ਥਾਂ ਸੀ. ਆਈ.ਏ. ਦੇ ਮੁਖੀ ਮਾਈਕ ਪਾਮਪੀਓ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਸ਼ੁੱਕਰਵਾਰ ਹੀ ਟਿਲਰਸਨ ਨੂੰ ਅਹਦੇ ਤੋਂ ਹਟਣ ਲਈ ਕਹਿ ਦਿੱਤਾ ਸੀ ਪਰ ਉਹ ਅਫਰੀਕਾ ਦੇ ਦੌਰੇ ‘ਤੇ ਹੋਣ ਕਾਰਨ ਐਲਾਨ ਨਹੀਂ ਸੀ ਕਰਨਾ ਚਾਹੁੰਦਾ। ਟਰੰਪ ਨੇ ਟਵਿੱਟਰ ‘ਤੇ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰਦਿਆਂ ਸੀ. ਆਈ.ਏ. ਦੀ ਡਿਪਟੀ ਡਾਇਰੈਕਟਰ ਗੀਨਾ ਹਸਪੇਲ ਨੂੰ ਪਾਮਪੀਓ ਦੀ ਥਾਂ ਖ਼ੁਫ਼ੀਆ ਏਜੰਸੀ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ। ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਮਾਈਕ ਪਾਮਪੀਓ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਉਹ ਇਹ ਵੱਡੀ ਜ਼ਿੰਮੇਵਾਰੀ ਸੰਭਾਲਣਗੇ। ਰੇਕਸ ਟਿਲਰਸਨ ਤੁਹਾਡੀ ਸੇਵਾ ਲਈ ਤੁਹਾਡਾ ਧੰਨਵਾਦ। ਗੀਨਾ ਹਸਪੇਲ ਸੀ. ਆਈ.ਏ.ਦੀ ਮੁਖੀ ਹੋਵੇਗੀ। ਸਾਰਿਆਂ ਨੂੰ ਮੁਬਾਰਕਾਂ ਹਸਪੇਲ ਸੀ.ਆਈ.ਏ. ਦੀ ਮੁੱਖੀ ਨਿਯੁਕਤ ਕੀਤੇ ਜਾਣ ਵਾਲੀ ਪਹਿਲੀ ਔਰਤ ਹੈ। ਟਿਲਰਸਨ ਨੂੰ ਅਹੁਦੇ ਤੋਂ ਹਟਾਉਣਾ ਟਰੰਪ ਕੈਬਨਿਟ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਫੇਰਬਦਲ ਹੈ ਅਤੇ ਇਸ ਨਾਲ ਰਾਸ਼ਟਰਪਤੀ ਅਤੇ 65 ਸਾਲਾ ਐਗਜ਼ਨ ਮੋਬਾਈਲ ਦੇ ਸਾਬਕਾ ਚੀਫ ਐਗਜ਼ੀਕਿਊਟਿਵ ਵਿਚਕਾਰ ਮਹੀਨਿਆਂ ਤੋਂ ਚਲੇ ਆ ਰਹੇ ਤਣਾਅ ‘ਤੇ ਰੋਕ ਲੱਗ ਗਈ ਹੈ। ਟਰੰਪ ਤੇ ਟਿਲਰਸਨ ਜਿਸ ਦਾ ਵਿਦੇਸ਼ ਮੰਤਰੀ ਬਣਨ ਤੋਂ ਪਹਿਲਾਂ ਕੋਈ ਕੂਟਨੀਤਕ ਜਾਂ ਸਿਆਸੀ ਤਜਰਬਾ ਨਹੀਂ ਵਿਚਕਾਰ ਉੱਤਰੀ ਕੋਰੀਆ ਤੇ ਰੂਸ ਸਮੇਤ ਕਈ ਨੀਤੀ ਮਾਮਲਿਆਂ ‘ਚ ਮਤਭੇਦ ਸਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …