ਨੌਜਵਾਨਾਂ ਦੇ ਲਾਪਤਾ ਹੋਣ ‘ਤੇ ਮਾਪੇ ਪ੍ਰੇਸ਼ਾਨ, ਸਰਕਾਰ ਤੋਂ ਕੀਤੀ ਦਖਲ ਦੀ ਮੰਗ
ਜਲੰਧਰ : ਅਮਰੀਕਾ ਜਾਣ ਲਈ ਚਾਰ ਮਹੀਨੇ ਪਹਿਲਾਂ ਘਰੋਂ ਗਏ ਨੌਜਵਾਨਾਂ ਦੇ ਲਾਪਤਾ ਹੋਣ ‘ਤੇ ਮਾਪਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੇ ਲੜਕਿਆਂ ਦਾ ਪਤਾ ਲਾਉਣ ਤੇ ਦੋਸ਼ੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਜਾਣ ਲਈ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ 6 ਨੌਜਵਾਨ ਦੋ ਟਰੈਵਲ ਏਜੰਟਾਂ ਰਣਜੀਤ ਸਿੰਘ ਰਾਣਾ ਅਤੇ ਸੁਖਵਿੰਦਰ ਸਿੰਘ ਰਾਹੀਂ ਗਏ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਰੈਜਮੈਂਟ ਦੀ 22ਵੀਂ ਬਟਾਲੀਅਨ ਦੇ ਸੁਬੇਦਾਰ ਸ਼ਮਸ਼ੇਰ ਸਿੰਘ, ਜਿਸ ਦਾ ਪੁੱਤਰ ਇੰਦਰਜੀਤ ਸਿੰਘ ਅਮਰੀਕਾ ਜਾਣ ਲਈ ਘਰੋਂ ਗਿਆ ਸੀ, ਨੇ ਦੱਸਿਆ ਕਿ ਦੋ ਅਗਸਤ ਤੋਂ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਗੱਲ ਨਹੀਂ ਹੋਈ। ਉਹ ਟਰੈਵਲ ਏਜੰਟ ਖ਼ਿਲਾਫ਼ ਕਾਰਵਾਈ ਲਈ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਵੀ ਮਿਲੇ ਸਨ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਨਾਂ ਦਾ ਟਰੈਵਲ ਏਜੰਟ, ਜੋ ਕਿ ਪੰਜਾਬ ਪੁਲਿਸ ਪੀ.ਏ.ਪੀ. ਵਿੱਚ ਏ.ਐਸ.ਆਈ. ਹੈ, ਨਾਲ ਇੰਦਰਜੀਤ ਨੂੰ ਵਿਦੇਸ਼ ਭੇਜਣ ਲਈ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਟਰੈਵਲ ਏਜੰਟ ਨੂੰ 12 ਲੱਖ ਰੁਪਏ ਪਹਿਲਾਂ ਤੇ ਬਾਕੀ ਬਾਅਦ ਵਿੱਚ ਦਿੱਤੇ ਗਏ ਸਨ। ਪਿੰਡ ਪੁਰੀਕਾ ਦੇ ਰਹਿਣ ਵਾਲੇ ਜਰਨੈਲ ਸਿੰਘ ਤੇ ਉਨ੍ਹਾਂ ਦੀ ਪਤਨੀ ਸਤਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਸਰਬਜੀਤ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਏਜੰਟ ਸੁਖਵਿੰਦਰ ਸਿੰਘ ਨੂੰ ਦਿੱਤੇ ਸਨ। ਸਰਬਜੀਤ ਨਾਲ ਆਖ਼ਰੀ ਵਾਰ 2 ਅਗਸਤ ਨੂੰ ਗੱਲ ਹੋਈ ਸੀ। ਉਸ ਨੇ ਆਪਣੇ ਵੀਜ਼ੇ ਦੀਆਂ ਤਸਵੀਰਾਂ ਵੀ ਮੋਬਾਈਲ ‘ਤੇ ਭੇਜੀਆਂ ਸਨ। ਸੁਖਵਿੰਦਰ ਨੇ ਉਨ੍ਹਾਂ ਦੇ ਘਰ ਆ ਕੇ ਵਧਾਈਆਂ ਵੀ ਦਿੱਤੀਆਂ ਸਨ ਕਿ ਸਰਬਜੀਤ ਅਮਰੀਕਾ ਪਹੁੰਚ ਗਿਆ ਹੈ। ਮਗਰੋਂ ਜਦੋਂ ਉਨ੍ਹਾਂ ਦੇ ਪੁੱਤਰ ਦਾ ਕੋਈ ਪਤਾ ਨਾ ਲੱਗਾ ਤਾਂ ਟਰੈਵਲ ਏਜੰਟ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਿਆ।