Breaking News
Home / ਪੰਜਾਬ / ਲੁਧਿਆਣਾ ਦੇ ਬਹੁ-ਕਰੋੜੀ ਸਿਟੀ ਸੈਂਟਰ ਮਾਮਲੇ ‘ਚ ਕੈਪਟਨ ਨੂੰ ਰਾਹਤ

ਲੁਧਿਆਣਾ ਦੇ ਬਹੁ-ਕਰੋੜੀ ਸਿਟੀ ਸੈਂਟਰ ਮਾਮਲੇ ‘ਚ ਕੈਪਟਨ ਨੂੰ ਰਾਹਤ

ਕੈਪਟਨ ਅਮਰਿੰਦਰ ਸਮੇਤ ਸਾਰੇ 32 ਮੁਲਜ਼ਮਾਂ ਨੂੰ ਕਲੀਨ ਚਿੱਟ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੇ ਬਹੁ-ਕਰੋੜੀ ਸਿਟੀ ਸੈਂਟਰ ਮਾਮਲੇ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਐਫ਼ਆਈਆਰ ਵਿਚ ਨਾਮਜ਼ਦ ਕੀਤੇ ਕੁੱਲ 32 ਮੁਲਜ਼ਮਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਸਬੰਧਤ ਐਫ਼ਆਈਆਰ ਰੱਦ ਕਰਨ ਦੀ ਅਰਜ਼ੀ ਦਾਖ਼ਲ ਕੀਤੀ ਹੈ। ਇਸ ਮਾਮਲੇ ‘ਤੇ ਸੁਣਵਾਈ 2 ਸਤੰਬਰ ਨੂੰ ਹੋਵੇਗੀ।
ਵਿਜੀਲੈਂਸ ਦਾ ਇਹ ਕਦਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਰਾਹਤ ਹੈ। ਦੱਸਣਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਗਠਨ ਤੋਂ ਬਾਅਦ ਹੀ 23 ਮਾਰਚ 2007 ਨੂੰ ਕੈਪਟਨ ਅਮਰਿੰਦਰ ਸਿੰਘ ਸਮੇਤ ਤਤਕਾਲੀ ਸਥਾਨਕ ਮੰਤਰੀ ਚੌਧਰੀ ਜਗਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਸਿਬੀਆ ਸਮੇਤ ਟਰੱਸਟ ਤੇ ਸਬੰਧਤ ਨਿਰਮਾਣ ਕੰਪਨੀ ਟੂਡੇ ਹੋਮ ਦੇ ਉਚ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਵਿਜੀਲੈਂਸ ਅਨੁਸਾਰ ਮਾਮਲੇ ਦੀ ਦੁਬਾਰਾ ਜਾਂਚ ਕਰਨ ‘ਤੇ ਕੋਈ ਵੀ ਦੁਰਭਾਵਨਾ ਨਜ਼ਰ ਨਹੀਂ ਆਈ ਹੈ ਤੇ ਪੇਸ਼ ਕੀਤੇ ਗਏ ਚਲਾਨ ਵਿੱਚ ਲਾਏ ਗਏ ਦੋਸ਼ ਬੇਬੁਨਿਆਦ ਹਨ। ਵਿਜੀਲੈਂਸ ਅਨੁਸਾਰ ਸਾਲ 1999 ਵਿਚ ਸਿਟੀ ਸੈਂਟਰ ਪ੍ਰਾਜੈਕਟ ਦਾ ਐਲਾਨ ਕੀਤਾ ਗਿਆ ਸੀ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਪਰਮਜੀਤ ਸਿੰਘ ਸਿਬੀਆ ਨੂੰ ਇਸ ਪ੍ਰਾਜੈਕਟ ‘ਤੇ ਕੰਮ ਕਰਨ ਦਾ ਪੂਰਾ ਅਨੁਭਵ ਨਹੀਂ ਸੀ, ਜਿਸ ਕਰਕੇ ਕੁਝ ਰੁਕਾਵਟਾਂ ਖੜ੍ਹੀਆਂ ਹੋ ਗਈਆਂ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਰੁਕਾਵਟਾਂ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ।
ਵਿਜੀਲੈਂਸ ਪੁਲਿਸ ਅਨੁਸਾਰ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ-ਸਮੇਂ ‘ਤੇ ਜਦੋਂ ਵੀ ਕਿਸੇ ਖਾਮੀ ਦੀ ਸ਼ਿਕਾਇਤ ਮਿਲਦੀ ਸੀ ਤਾਂ ਕਾਨੂੰਨ ਮੁਤਾਬਿਕ ઠਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਂਦੇ। ਅਦਾਲਤ ਵਿਚ ਵਿਜੀਲੈਂਸ ਨੇ ਦਾਖਲ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਸ ਕੇਸ ਦੀ ਦੁਬਾਰਾ ਜਾਂਚ ਵਿਚ ਵੀ ਕਿਸੇ ਤਰ੍ਹਾਂ ਨਾਲ ਕੋਈ ਵੀ ਮੁਲਜ਼ਮ ਭ੍ਰਿਸ਼ਟਾਚਾਰ ਮਾਮਲੇ ‘ਚ ਦੋਸ਼ੀ ਨਹੀਂ ਪਾਇਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਵਿਚ ਦੋਸ਼ ਲੱਗਣ ਤੋਂ ਬਾਅਦ ਖੁਦ ਹੀ ਇਸਦੀ ਜਾਂਚ ਦੇ ਹੁਕਮ ਦਿੱਤੇ ਸਨ। ਵਿਜੀਲੈਂਸ ਬਿਊਰੋ ਨੇ ਅਦਾਲਤ ਵਿਚ ਪੇਸ਼ ਕੀਤੀ ਗਈ ਅਰਜ਼ੀ ‘ਚ ਐਫ਼ਆਈਆਰ ਨੂੰ ਰੱਦ ਕਰਨ ਤੋਂ ਬਾਅਦ ਕੇਸ ਨੂੰ ਬੰਦ ਕਰਨ ਲਈ ਆਖਿਆ ਹੈ।
ਸਿਟੀ ਸੈਂਟਰ ਮਾਮਲੇ ‘ਚ ਅਜੇ ਵੀ ਕੈਪਟਨ ਲਈ ਮੁਸ਼ਕਲਾਂ
ਲੁਧਿਆਣਾ : ਲੁਧਿਆਣਾ ਦੇ ਬਹੁਕਰੋੜੀ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ ਪਰ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਹਾਲੇ ਖ਼ਤਮ ਨਹੀਂ ਹੋਈਆਂ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਇਸ ਮਾਮਲੇ ਵਿੱਚ 2013 ਵਿੱਚ ਦਰਜ ‘ਐਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ’ (ਈਸੀਆਈਆਰ) ਬਰਕਰਾਰ ਹੈ। ਈਡੀ ਨੇ ਇਸੇ ਸਾਲ ਲੁਧਿਆਣਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਵਿਜੀਲੈਂਸ ਵੱਲੋਂ ਐਫਆਈਆਰ ਤੇ ਚਲਾਨ ਦੀ ਕਾਪੀ ਨਾ ਦੇਣ ਸਬੰਧੀ ਦੱਸਿਆ ਸੀ। ਹੁਣ ਈਡੀ ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰਨ ਦੀ ਤਿਆਰੀ ਵਿੱਚ ਹੈ। ਦੱਸਣਯੋਗ ਹੈ ਕਿ 2002 ਤੋਂ 2007 ਦੇ ਆਪਣੇ ਕਾਰਜਕਾਲ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਸਿਟੀ ਸੈਂਟਰ ਨੂੰ ਆਪਣਾ ਡਰੀਮ ਪ੍ਰਾਜੈਕਟ ਆਖਿਆ ਸੀ ਪਰ ਮੁੱਖ ਮੰਤਰੀ ਪਿਛਲੇ 10 ਸਾਲਾਂ ਤੋਂ ਇਸ ਕੇਸ ਵਿੱਚ ਫਸੇ ਹੋਏ ਹਨ।
ਬਾਦਲਾਂ ਨਾਲ ਫਰੈਂਡਲੀ ਮੈਚ ਖੇਡ ਰਹੇ ਨੇ ਕੈਪਟਨ: ਖਹਿਰਾ
ਲੁਧਿਆਣਾ : ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਤੋਂ ਕਲੀਨ ਚਿੱਟ ਲੈ ਲਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਗੁੰਡਾਗਰਦੀ ‘ਤੇ ਉਤਰ ਆਏ ਹਨ। ਉਹ ਕਾਂਗਰਸੀਆਂ ਵੱਲੋਂ ਜ਼ਖਮੀ ਕੀਤੇ ‘ਆਪ’ ਨੇਤਾ ਅਮਰ ਸਿੰਘ ਉਰਫ਼ ਹੈਪੀ ਸੇਖੋਂ ਤੇ ਉਸ ਦੇ ਭਰਾ ਦਾ ਹਾਲ ਜਾਣਨ ਲਈ ਡੀਐਮਸੀ ਹਸਪਤਾਲ ਪੁੱਜੇ ਸਨ।
ਇਸ ਦੌਰਾਨ ਉਨ੍ਹਾਂ ਨਾਲ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਆਗੂ ਵੀ ਹਾਜ਼ਰ ਸਨ।ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸਰਕਾਰ ਆਉਣ ਤੋਂ ਬਾਅਦ ਕਾਂਗਰਸੀ ਗੁੰਡਾਗਰਦੀ ઠਕਰਨ ਲੱਗੇ ਹਨ। ਖਹਿਰਾ ਨੇ ਕਿਹਾ ਕਿ ਬਾਦਲਾਂ ਨੂੰ ਬਚਾਉਣ ਲਈ ਕੈਪਟਨ ਨੇ ਆਪਣੇ ਸਾਰੇ ਮੰਤਰੀਆਂ ਦੇ ਹੱਥ ਬੰਨ੍ਹ ਦਿੱਤੇ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਾਸਟਵੇਅ ਦਾ 20 ਹਜ਼ਾਰ ਕਰੋੜ ਦਾ ਘੁਟਾਲਾ ਸਾਹਮਣੇ ਲਿਆਂਦਾ ਹੈ ਪਰ ਕੈਪਟਨ ਬਾਦਲਾਂ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ।

 

Check Also

ਚੰਡੀਗੜ੍ਹ ’ਚ ਆਏਗਾ ‘ਇੰਡੀਆ’ ਗੱਠਜੋੜ ਦਾ ਲੋਕਲ ਚੋਣ ਮੈਨੀਫੈਸਟੋ

ਕਾਂਗਰਸ ਤੇ ‘ਆਪ’ ਨੇ ਬਣਾਈ ਕਮੇਟੀ, ਨਾਮਜ਼ਦਗੀ ਤੋਂ ਬਾਅਦ ਮੈਨੀਫੈਸਟੋ ਕੀਤਾ ਜਾਵੇਗਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ …