ਚੱਪੜਚਿੜੀ ਵਿੱਚ ਇਕੱਤਰਤਾ ਮੌਕੇ ਬਾਦਲ ਪਰਿਵਾਰ ਤੇ ਕੈਪਟਨ ‘ਤੇ ਕੀਤੇ ਤਿੱਖੇ ਹਮਲੇ
ਮੁਹਾਲੀ/ਬਿਊਰੋ ਨਿਊਜ਼
ਕਾਂਗਰਸ ਵਿੱਚੋਂ ਬਰਖਾਸਤ ਕੀਤੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਚੱਪੜਚਿੜੀ ਵਿੱਚ ਸ਼ਕਤੀ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਉਹ ਪੰਜਾਬ ਨੂੰ ਨਸ਼ਿਆਂ, ਕਿਸਾਨੀ ਕਰਜ਼ਿਆਂ, ਖ਼ੁਦਕੁਸ਼ੀਆਂ, ਪਰਿਵਾਰਵਾਦ ਅਤੇ ਰਜਵਾੜਾਸ਼ਾਹੀ ਤੋਂ ਮੁਕਤੀ ਦਿਵਾਉਣ ਲਈ ਪੰਜਾਬ ਸੁਧਾਰ ਲਹਿਰ ਸ਼ੁਰੂ ਕਰਨਗੇ। ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਦੋਵਾਂ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਦੱਸਿਆ। ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਜਾਣ ਜਾਂ ਭਵਿੱਖ ਵਿੱਚ ਕੋਈ ਨਵੀਂ ਪਾਰਟੀ ਬਣਾਉਣ ਦਾ ਜ਼ਿਕਰ ਨਹੀਂ ਕੀਤਾ। ਆਪਣੇ 50 ਮਿੰਟ ਦੇ ਸ਼ੇਅਰੋ-ਸ਼ੇਅਰੀ, ਭਾਵੁਕ ਅਤੇ ਜੋਸ਼ੀਲੇ ਅਲੰਕਾਰਾਂ ਵਾਲੇ ਭਾਸ਼ਣ ਵਿੱਚ ਬਰਾੜ ਨੇ ਐਲਾਨ ਕੀਤਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਿਆਂ ਅਤੇ ਖ਼ੁਦਕੁਸ਼ੀਆਂ ਤੋਂ ਮੁਕਤੀ ਦਿਵਾਉਣ ਲਈ 15 ਅਗਸਤ ਤੱਕ ਕੋਈ ਕਾਰਗਰ ਨੀਤੀ ਨਾ ਬਣਾਈ ਤਾਂ ਉਹ ਵਿਆਪਕ ਅੰਦੋਲਨ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਆਪਣੀ ਸ਼ਖ਼ਸੀ ਪੂਜਾ ਕਰਾ ਰਿਹਾ ਹੈ। ਉਨ੍ਹਾਂ ਉਪ ਮੁੱਖ ਮੰਤਰੀ ਅਤੇ ਮਜੀਠੀਆ ਦਾ ਨਾਂ ਲੈ ਕੇ ਪੰਜਾਬ ਵਿੱਚ ਚਿੱਟੇ ਦਾ ਕਾਰੋਬਾਰ ਕਰਨ ਦੇ ਵੀ ਦੋਸ਼ ਲਾਏ। ਉਨ੍ਹਾਂ ਜਗਦੀਸ਼ ਭੋਲੇ ਦੇ ਗਰੁੱਪ ਵੱਲੋਂ 2012 ਦੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ 10 ਕਰੋੜ ਦਾ ਚੋਣ ਫੰਡ ਦੇਣ ਦਾ ਵੀ ਦੋਸ਼ ਲਾਇਆ। ਸਾਬਕਾ ਸੰਸਦ ਮੈਂਬਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ 25 ਸਾਲ ਰਾਜ ਕਰਨ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਧ ਨਫ਼ਰਤ ਦਾ ਪਾਤਰ ਉਪ ਮੁੱਖ ਮੰਤਰੀ ਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਨਾ ਕੋਈ ਖੇਤੀ ਨੀਤੀ ਹੈ, ਨਾ ਖੇਡ, ਭਾਸ਼ਾ, ਸੱਭਿਆਚਾਰ, ਵਿੱਦਿਅਕ, ਆਰਥਿਕ ਤੇ ਸਿਹਤ ਨੀਤੀ, ਅਜਿਹੀ ਸਥਿਤੀ ਵਿੱਚ ਅਕਾਲੀ ਦਲ ਪੱਚੀ ਸਾਲ ਰਾਜ ਕਰਨ ਦੇ ਸੁਫ਼ਨੇ ਕਿਵੇਂ ਵੇਖ ਸਕਦਾ ਹੈ। ਬਰਾੜ ਨੇ ਕਾਂਗਰਸ ਹਾਈ ਕਮਾਂਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਮਾਗਾਟਾਮਾਰੂ ਸਾਕੇ ਲਈ ਮਾਫ਼ੀ ਮੰਗਣ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਬਾਦਲ ਤੋਂ ਮੰਗ ਕੀਤੀ ਕਿ ਉਹ ਆਪਣੇ ਪੁਰਖਿਆਂ ਵੱਲੋਂ ਜੈਤੋ ਮੋਰਚੇ ਵਿੱਚ ਨਿਭਾਈ ਸਿੱਖ ਵਿਰੋਧੀ ਭੂਮਿਕਾ ਲਈ ਤੁਰੰਤ ਮੁਆਫ਼ੀ ਮੰਗਣ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਪੁਰਖ਼ਿਆਂ ਵੱਲੋਂ 1857 ਦੇ ਵਿਦਰੋਹ ਅਤੇ 1947 ਸਮੇਂ ਅੰਗਰੇਜ਼ਾਂ ਦੀ ਮਦਦ ਕਰਨ ਦੇ ਮਾਮਲਿਆਂ ਸਬੰਧੀ ਦੇਸ਼ ਤੋਂ ਮਾਫ਼ੀ ਮੰਗਣ ਲਈ ਕਿਹਾ। ਬਰਾੜ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਇਸ ਮੌਕੇ ਸਾਬਕਾ ਵਿਧਾਇਕ ਹਰਬੰਸ ਲਾਲ ਸਰਹਿੰਦ, ਵਿਜੈ ਸਾਥੀ, ਤਰਸੇਮ ਜੋਧਾਂ, ਨਗਰ ਕੌਂਸਲ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਅਮਰਜੀਤ ਸਿੰਘ ਤੇ ਮਨਜੀਤ ਸਿੰਘ ਝਲਬੂਟੀ ਨੇ ਪੰਜਾਬ ਦੇ ਕਿਸਾਨੀ ਸੰਕਟ, ਆਰਥਿਕ ਹਾਲਤ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਮਨ ਕਾਨੂੰਨ ਦੀ ਹਾਲਤ, ਪਾਣੀ, ਸਨਅਤੀ ਸੰਕਟ, ਪ੍ਰੈੱਸ ਦੀ ਆਜ਼ਾਦੀ ਤੇ ਕਿਰਤੀ ਮਜ਼ਦੂਰਾਂ ਸਬੰਧੀ ਮਤੇ ਪੜ੍ਹੇ। ਇਨ੍ਹਾਂ ਮਤਿਆਂ ਨੂੰ ਇਕੱਤਰਤਾ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਬ੍ਰਾਹਮਣ ਸਭਾ ਦੇ ਆਗੂ ਡਾ. ਵੀਰੇਸ਼ ਸ਼ਾਂਡਲਿਆ ਨੇ ਵੀ ਸੰਬੋਧਨ ਕੀਤਾ।
ਗਾਇਕ ਕੰਵਰ ਗਰੇਵਾਲ ਨੇ ਮਾਈਕ ਵਗਾਹ ਕੇ ਮਾਰਿਆ
ਰੈਲੀ ਵਿੱਚ ਲੋਕਾਂ ਦੇ ਮਨੋਰੰਜਨ ਲਈ ਆਏ ਸੂਫ਼ੀ ਗਾਇਕ ਕੰਵਰ ਗਰੇਵਾਲ ਪ੍ਰੋਗਰਾਮ ਦੌਰਾਨ ਹੀ ਨਾਰਾਜ਼ ਹੋ ਕੇ ਸਟੇਜ ਤੋਂ ਚਲੇ ਗਏ। ਸਟੇਜ ਉਤੇ ਵਾਰ-ਵਾਰ ਹੁੰਦੀਆਂ ਅਨਾਊਂਸਮੈਂਟਾਂ ਤੋਂ ਖ਼ਫ਼ਾ ਹੋਏ ਸੂਫ਼ੀ ਗਾਇਕ ਨੇ ਆਪਣੇ ਹੱਥ ਵਿੱਚ ਫੜਿਆ ਮਾਈਕ ਵੀ ਵਗਾਹ ਕੇ ਮਾਰਿਆ। ਉਨ੍ਹਾਂ ਦੇ ਨਾਲ ਹੀ ਸੰਗੀਤਕ ਮੰਡਲੀ ਵੀ ਸਟੇਜ ਤੋਂ ਉਤਰ ਗਈ।
Check Also
ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
ਹਾਈ ਕੋਰਟ ਨੇ 22 ਅਪ੍ਰੈਲ ਤੱਕ ਗਿ੍ਰਫਤਾਰੀ ’ਤੇ ਲਗਾਈ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ …