ਬਰੈਂਪਟਨ/ਡਾ. ਝੰਡ : ਨਰਿੰਦਰ ਪਾਲ ਬੈਂਸ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਐੱਨਲਾਈਟ ਕਿੱਡਜ਼’ ਸੰਸਥਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਫ਼ਲਤਾ ਭਰਪੂਰ ਕਰਵਾਏ ਜਾ ਰਹੇ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਦਾ ਚੌਥਾ ਸਲਾਨਾ ਈਵੈਂਟ 3 ਅਕਤੂਬਰ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੋਕਸ ਟਰੈਕ ਐਂਡ ਫੀਲਡ ਸਟੇਡੀਅਮ ਵਿਖੇ ਸਵੇਰੇ 9.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਲੋੜੀਂਦੀ ਰਜਿਸਟ੍ਰੇਸ਼ਨ ਐੱਨਲਾਈਟ ਕਿੱਡਜ਼ ਦੀ ਵੈੱਬਸਾਈਟ www.enlightkids.ca ‘ਤੇ ਜਾ ਕੇ ਕਰਵਾਈ ਜਾ ਸਕਦੀ ਹੈ।
ਰਜਿਸਟ੍ਰੇਸ਼ਨ ਫ਼ੀਸ ਕੇਵਲ 20 ਡਾਲਰ ਹੈ ਜੋ ਇਸ ਸੰਸਥਾ ਨੂੰ ਡੋਨੇਸ਼ਨ ਦੇ ਰੂਪ ਵਿਚ ਜਾਂਦੀ ਹੈ ਜਿਸ ਨਾਲ ਲੋੜਵੰਦ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿਚ ਸਹਾਇਤਾ ਕੀਤੀ ਜਾਂਦੀ ਹੈ। ਇਸ ਸਾਲ ਤੋਂ ਪ੍ਰਬੰਧਕਾਂ ਵੱਲੋਂ ਇਸ ਰਕਮ ਨਾਲ ਇੰਡੀਜੀਨੀਅਸ ਵਿਦਿਆਰਥੀਆਂ ਲਈ ਸਕਾਲਰਸ਼ਿਪ ਆਰੰਭ ਕਰਨ ਦਾ ਵੀ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਪਾਲ ਬੈਂਸ ਨੇ ਦੱਸਿਆ ਕਿ ਇਹ ਈਵੈਂਟ ਇੰਡੀਜੀਨੀਅਸ ਐਜੂਕੇਸ਼ਨ ਨੂੰ ਸਮੱਰਪਿਤ ਚੈਰਿਟੀ ਆਰਗੇਨਾਈਜ਼ੇਸ਼ਨ ‘ਇੰਡਸਪਾਇਰ’, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਦੌੜ ਅਤੇ ਵਾੱਕ ਦਾ ਇਹ ਈਵੈਂਟ ‘ਹਾਈਬਰਿੱਡ’ ਕਿਸਮ ਦਾ ਹੋਵੇਗਾ, ਭਾਵ ਇਸ ਵਿਚ ਨਿੱਜੀ ਅਤੇ ਵਰਚੂਅਲ ਦੋਵੇਂ ਤਰ੍ਹਾਂ ਹੀ ਸ਼ਮੂਲੀਅਤ ਕੀਤੀ ਜਾ ਸਕਦੀ ਹੈ। ਨਿੱਜੀ ਤੌਰ ‘ਤੇ ਸ਼ਾਮਲ ਹੋਣ ਵਾਲੇ ਦੌੜਾਕਾਂ ਅਤੇ ਵਾੱਕਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਰ ਹਾਲਤ ਵਿਚ ਸਵੇਰੇ ਪੌਣੇ ਨੌਂ ਵਜੇ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੋਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਵਿਚ ਪਹੁੰਚਣ ਦੀ ਖੇਚਲ਼ ਕਰਨ ਤਾਂ ਜੋ ਇਸ ਅਹਿਮ ਈਵੈਂਟ ਨੂੰ ਸਮੇਂ ਸਿਰ ਆਰੰਭ ਕਰਵਾਇਆ ਜਾ ਸਕੇ।
ਇਸ ਈਵੈਂਟ ਵਿਚ ਸ਼ਿਰਕਤ ਕਰਨ ਵਾਲਿਆਂ ਲਈ ਰਿਫਰੈੱਸ਼ਮੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਈਵੈਂਟ ਵਿਚ ਵਰਚੂਅਲ ਰੂਪ ਵਿਚ ਹਿੱਸਾ ਲੈਣ ਵਾਲੇ ਆਪਣੀ ਸਹੂਲਤ ਅਨੁਸਾਰ ਆਪਣੇ ਨੇੜੇ ਦੇ ਪਾਰਕ, ਪਾਥ-ਵੇਅ ਜਾਂ ਸਟੇਡੀਅਮ ਵਿਚ ਦੌੜ ਕੇ ਜਾਂ ਪੈਦਲ ਚੱਲ ਕੇ ਆਪਣੀ ਸ਼ਮੂਲੀਅਤ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਪੁਰਾਣੇ ਕੰਪਿਊਟਰ ਅਤੇ ਲੈਪਟਾਪ ਜੋ ਹੁਣ ਉਨ੍ਹਾਂ ਵੱਲੋਂ ਵਰਤੋਂ ਵਿਚ ਨਹੀਂ ਲਿਆਂਦੇ ਜਾ ਰਹੇ, ਉਹ ਐੱਨਲਾਈਟ ਕਿੱਡਜ਼ ਸੰਸਥਾ ਨੂੰ ਦਾਨ ਕਰਨ ਦੀ ਬੇਨਤੀ ਕੀਤੀ ਤਾਂ ਜੋ ਇਹ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਜਾ ਸਕਣ।
ਇਸ ਨਾਲ ਇਲੈੱਕਟ੍ਰਾਨਿਕ ਯੰਤਰਾਂ ਦੀ ਹੋਣ ਵਾਲੀ ઑਈ-ਵੇਸਟ਼ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਾਂ ਇਸ ਈਵੈਂਟ ਵਿਚ ਰਜਿਸਟ੍ਰੇਸ਼ਨ ਕਰਵਾਉਣ ਵਿਚ ਆ ਰਹੀ ਕਿਸੇ ਦਿੱਕਤ ਸਬੰਧੀ ਐੱਨਲਾਈਟ ਕਿੱਡਜ਼ ਸੰਸਥਾ ਦੇ ਮੁੱਖ-ਪ੍ਰਬੰਧਕ ਨਰਿੰਦਰ ਪਾਲ ਬੈਂਸ ਨੂੰ 647-893-3656 ਜਾਂ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ 416-275-9337 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …