Breaking News
Home / ਕੈਨੇਡਾ / ਹੈਮਿਲਟਨ ਦੀ ਸਲਾਨਾ ਸ਼ੁਗਲੀਆ ‘ਆਈ ਰੱਨ ਸੈਂਟਾ’ ਸਮੇਤ ਸੰਜੂ ਗੁਪਤਾ ਨੇ ਇਸ ਵੀਕ-ਐਂਡ ਉਤੇ ਦੋ ਦੌੜਾਂ ਵਿਚ ਲਿਆ ਹਿੱਸਾ

ਹੈਮਿਲਟਨ ਦੀ ਸਲਾਨਾ ਸ਼ੁਗਲੀਆ ‘ਆਈ ਰੱਨ ਸੈਂਟਾ’ ਸਮੇਤ ਸੰਜੂ ਗੁਪਤਾ ਨੇ ਇਸ ਵੀਕ-ਐਂਡ ਉਤੇ ਦੋ ਦੌੜਾਂ ਵਿਚ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਕ੍ਰਿਸਮਸ ਦੇ ਤਿਓਹਾਰ ਦੇ ਮੁੱਖ-ਪਾਤਰ ਸੈਂਟਾ ਕਲਾਸ ਦੇ ਨਾਂ ਨਾਲ ਜੁੜੀ ਪਿਛਲੇ 20 ਸਾਲਾਂ ਤੋਂ ਹੈਮਿਲਟਨ ਵਿਚ ਲਗਾਤਾਰ ਕਰਵਾਈ ਜਾ ਰਹੀ ‘ਆਈ ਰੱਨ ਸੈਂਟਾ’ ਦਾ ਆਯੋਜਨ ਇਸ ਲੰਘੇ ਐਤਵਾਰ 24 ਨਵੰਬਰ ਨੂੰ ਕੀਤਾ ਗਿਆ। ਪੰਜ ਕਿਲੋਮੀਟਰ ਦੀ ਇਹ ਦੌੜ ਅਤੇ ਵਾੱਕ ਹੈਮਿਲਟਨ-ਵਾਸੀ ਲੇਡੀ ਕੈਲੀ ਐਮੋਟ ਵੱਲੋਂ ਕਰਵਾਈ ਜਾਂਦੀ ਹੈ ਜਿਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਦੌੜਾਕ ਅਤੇ ਵਾੱਕਰ ਸੈਂਟਾ ਦੀ ਲਾਲ ਤੇ ਚਿੱਟੇ ਰੰਗ ਦੀ ਖ਼ਾਸ ਸੈਂਟਾ ਪੌਸ਼ਾਕ ਪਹਿਨ ਕੇ ਦੌੜਦੇ ਹਨ ਅਤੇ ਇਸ ਦੌੜ ਦੇ ਨਿਯਮਾਂ ਅਨੁਸਾਰ ਇਹ ਜ਼ਰੂਰੀ ਵੀ ਹੈ। ਇਹ ਸਪੈਸ਼ਲ ਸੈਂਟ ਸੂਟ ਦੌੜਾਕਾਂ ਨੂੰ ਦੌੜ/ਵਾੱਕ ਦੇ ਅੰਤ ਵਿਚ ਤੋਹਫ਼ੇ ਵਜੋਂ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਪਹਿਨ ਕੇ ਉਹ ਅਗਲੇ ਸਾਲ ਇਸ ਈਵੈਂਟ ਵਿਚ ਸ਼ਾਮਲ ਹੋਣ ਲਈ ਆਉਂਦੇ ਹਨ। ਇਸ ਦੌੜ ਵਿਚ ਬੇਸ਼ਕ ਸਮੇਂ ਦੀ ਪਾਬੰਦੀ ਨਹੀਂ ਹੈ ਪਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਾਲੇ ਮਰਦਾਂ ਅਤੇ ਔਰਤਾਂ ਨੂੰ ਸਪੈਸ਼ਲ ਇਨਾਮ ਦਿੱਤੇ ਜਾਂਦੇ ਹਨ।
ਟੀ.ਪੀ.ਏ.ਆਰ. ਕਲੱਬ ਦੇ ਸਰਗਰਮ ਮੈਂਬਰ ਸੰਜੂ ਗੁਪਤਾ ਨੇ ਇਸ ਦੌੜ ਵਿਚ ਬੜੇ ਸ਼ੌਕ ਨਾਲ ਭਾਗ ਲਿਆ ਅਤੇ ਉਸ ਨੇ ਇਹ ਦੌੜ 31 ਮਿੰਟ 30 ਸਕਿੰਟ ਵਿਚ ਪੂਰੀ ਕੀਤੀ। ਉਹ ਪਿਛਲੇ ਪੰਜ ਸਾਲਾਂ ਤੋਂ ਇਸ ਵਿਚ ਹਿੱਸਾ ਲੈ ਰਿਹਾ ਹੈ। ਇਹ ਦੌੜ ਹੈਮਿਲਟਨ ਤੋਂ ਇਲਾਵਾ ਬਰਲਿੰਗਟਨ ਸ਼ਹਿਰ ਵਿਚ ਵੀ ਕਰਵਾਈ ਜਾਂਦੀ ਹੈ ਜਿੱਥੇ ਇਸ ਸਾਲ ਇਹ 7 ਦਸੰਬਰ ਨੂੰ ਹੋ ਰਹੀ ਹੈ ਅਤੇ ਸੰਜੂ ਓਥੇ ਵੀ ਇਸ ਵਿਚ ਭਾਗ ਲੈਣ ਲਈ ਜਾ ਰਿਹਾ ਹੈ।
ਇਸ ਤੋਂ ਪਹਿਲੇ ਦਿਨ ਸ਼ਨੀਵਾਰ 23 ਨਵੰਬਰ ਨੂੰ ਉਸ ਨੇ ਟੋਰਾਂਟੋ ਵਿਚ ਸੀ.ਐੱਨ.ਈ. ਗਰਾਊਂਡ ਦੇ ਸਾਹਮਣੇ ਓਨਟਾਰੀਓ ਪਲੇਸ ਦੇ ਨੇੜੇ ਕੌਰੋਨੇਸ਼ਨ ਪਾਰਕ ਤੋਂ ਸ਼ੁਰੂ ਹੋਈ ‘ਕੋਲਡ ਐਂਡ ਬੋਲਡ’ ਰੱਨ ਵਿਚ ਵੀ ਭਾਗ ਲਿਆ। ਇਸ 5 ਕਿਲੋਮੀਟਰ ਵਿਚ 300 ਵਿਦਿਆਰਥੀਆਂ ਸਮੇਤ 800 ਦੌੜਾਕਾਂ ਨੇ ਹਿੱਸਾ ਲਿਆ ਅਤੇ ਸੰਜੂ ਨੇ ਇਹ ਦੌੜ 32 ਮਿੰਟਾਂ ਵਿਚ ਪੂਰੀ ਕੀਤੀ।

Check Also

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ   

ਪਾਕਿਸਤਾਨ ਤੋਂ ਗੁਰਪੁਰਬ ਮੌਕੇ ਤਿੰਨ ਦਿਨਾਂ ਦੇ ਸਿੱਧੇ ਪ੍ਰਸਾਰਣ ਨੂੰ ਕੈਨੇਡਾ, ਅਮਰੀਕਾ ਤੇ ਭਾਰਤ ਸਣੇ …