ਡਾ. ਮਨਮੋਹਨ ਸਿੰਘ, ਜਨਰਲ ਬਿਕਰਮ ਸਿੰਘ ਤੇ ਅਭਿਨਵ ਬਿੰਦਰਾ ਤੇ ਹੋਰਾਂ ਦੀ ਚੋਣ
ਕਪੂਰਥਲਾ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਵਿਚ ਸਿੱਖ ਕੌਮ ਦਾ ਮਾਣ ਵਧਾਉਣ ਵਾਲੀਆਂ 550 ਸਿੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜਨਰਲ ਬਿਕਰਮ ਸਿੰਘ, ਉਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ, ਇੰਗਲੈਂਡ ਵਿਚ ਰੈਸਟੋਰੈਂਟ ਇੰਡਸਟਰੀ ਦਾ ਵੱਡਾ ਨਾਂ ਰਵੀ ਦਿਓਲ, ਅਮੂਲ ਦੇ ਐਮਡੀ ਆਰ.ਐਸ. ਸੋਢੀ, ਅਮਰੀਕਾ ਵੀਜ਼ਾ ਕਾਰਡ ਵਾਲੇ ਅਜੈਪਾਲ ਸਿੰਘ ਬੰਗਾ, ਭਾਰਤ ਵਿਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸੰਧੂ, ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਅਦਾਕਾਰਾ ਪੂਨਮ ਢਿੱਲੋਂ, ਅਫਰੀਕਾ ਦੇ ਵੱਡੇ ਕਾਰੋਬਾਰੀ ਹਰਪਾਲ ਰੰਧਾਵਾ ਆਦਿ ਸ਼ਾਮਲ ਹਨ। 10 ਨਵੰਬਰ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਚ ਸ਼ਾਨਦਾਰ ਸਮਾਗਮ ਹੋਵੇਗਾ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਪਹਿਲੀ ਵਾਰ ਅਜਿਹਾ ਹੋਵੇਗਾ, ਜਦੋਂ ਇਕੱਠਿਆਂ ਮੰਚ ‘ਤੇ ਏਨੀ ਵੱਡੀ ਗਿਣਤੀ ਵਿਚ ਸਿੱਖ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ। ਏਨੇ ਵੱਡੇ ਸਮਾਗਮ ਨੂੰ ਸਫਲ ਬਣਾਉਣ ਲਈ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਨ ਰਾਤ ਇਕ ਕੀਤਾ ਹੋਇਆ ਹੈ। ਦੇਸ਼ ਵਿਦੇਸ਼ ਤੋਂ ਇਨ੍ਹਾਂ ਹਸਤੀਆਂ ਨੂੰ ਸੱਦਾ ਦੇਣ ਦੀ ਜ਼ਿੰਮੇਵਾਰੀ ਇਕ ਐਨਜੀਓ ਨੇ ਸੰਭਾਲ ਰੱਖੀ ਹੈ। ਸਮਾਗਮ ਤੋਂ ਬਾਅਦ ਇਨ੍ਹਾਂ ਨਾਮੀ ਹਸਤੀਆਂ ਦੇ ਸਨਮਾਨ ਵਿਚ ਜਗਤਜੀਤ ਪੈਲੇਸ ਕਪੂਰਥਲਾ ਵਿਚ ਰਾਤਰੀ ਭੋਜ ਹੋਵੇਗਾ। ਇਸ ਪੈਲੇਸ ਨੂੰ ਫਰਾਂਸ ਦੇ ਸ਼ਿਲਪ ਦਾ ਅਦਭੁਤ ਨਮੂਨਾ ਮੰਨਿਆ ਜਾਂਦਾ ਹੈ। ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਸਫਲਤਾ ਦੇ ਝੰਡੇ ਗੱਡਣ ਵਾਲੀਆਂ ਹਸਤੀਆਂ ਦੀ ਮੇਜ਼ਬਾਨੀ ਮਹਾਰਾਜਾ ਕਪੂਰਥਲਾ ਦੇ ਵੰਸ਼ਜ਼ ਬ੍ਰਿਗੇਡੀਅਰ ਸੁਖਜੀਤ ਸਿੰਘ, ਟਿੱਕਾ ਸ਼ਤਰੂਜੀਤ ਸਿੰਘ ਕਰਨਗੇ।
ਪਦਮਸ੍ਰੀ ਡਾ. ਸੁਰਜੀਤ ਪਾਤਰ ਦਾ ਵੀ ਹੋਵੇਗਾ ਵਿਸ਼ੇਸ਼ ਸਨਮਾਨ
ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਤੇ ਜਨਰਲ ਬਿਕਰਮ ਸਿੰਘ ਸਮੇਤ ਜਿਨ੍ਹਾਂ 550 ਸਖਸ਼ੀਅਤਾਂ ਦਾ ਇਸ ਸੁਭਾਗੇ ਸਮੇਂ ਸਨਮਾਨ ਕੀਤਾ ਜਾਣਾ ਹੈ ਉਨ੍ਹਾਂ ਸਨਮਾਨਿਤ ਹਸਤੀਆਂ ਦੀ ਸੂਚੀ ਦੇ ਮੂਹਰਲੇ ਨਾਵਾਂ ਵਿਚ ਪਦਮਸ੍ਰੀ ਡਾ.ਸੁਰਜੀਤ ਪਾਤਰ ਹੁਰਾਂ ਦਾ ਨਾਂ ਵੀ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਗਿਆ ਹੈ। ਪੰਜਾਬੀ ਕਵਿਤਾ ਨੂੰ ਦੁਨੀਆ ਭਰ ਵਿਚ ਵਡਮੁੱਲਾ ਸਥਾਨ ਤੇ ਮਾਣ ਦਿਵਾਉਣ ਵਾਲੇ ਸੁਰਜੀਤ ਪਾਤਰ ਹੁਰਾਂ ਦੇ ਇਸ ਸਨਮਾਨ ਨਾਲ ਸਮੁੱਚੀ ਪੰਜਾਬੀ ਲਿਖਤ ਤੇ ਸਾਹਿਤ ਦਾ ਸਨਮਾਨ ਹੋਣ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਜਨਰਲ ਜੇ.ਜੇ. ਸਿੰਘ, ਜਮੁਨਾ ਆਟੋ ਦੇ ਐਮਡੀ ਰਣਦੀਪ ਸਿੰਘ ਜੌਹਰ, ਪ੍ਰੋਫੈਸ਼ਨਲ ਗੋਲਫਰ ਗਗਨਜੀਤ ਭੁੱਲਰ, ਇੰਗਲੈਂਡ ਵਿਚ ਟਰੇਡ ਕਮਿਸ਼ਨਰ ਅਮੋ ਕਲੇਅਰ, ਆਗਰਾ ਦੇ ਨੋਵਾ ਸ਼ੂ ਦੇ ਮਾਲਕ ਮਨਜੀਤ ਸਿੰਘ, ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ, ਵਿਗਿਆਨੀ ਨਰਿੰਦਰ ਸਿੰਘ ਕਪਾਨੀ, ਸਿਆਸੀ ਲੇਖਕ ਨਵਤੇਜ ਸਰਨਾ ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਫਿਨਲੈਂਡ ਦੇ ਸੰਸਦ ਮੈਂਬਰ ਰਣਦੀਪ ਸਿੰਘ ਸੋਢੀ, ਦੁਬਈ ਦੇ ਕਾਰੋਬਾਰੀ ਸੁਰਿੰਦਰ ਕੰਧਾਰੀ, ਹਾਂਗਕਾਂਗ ਦੇ ਕਾਰੋਬਾਰੀ ਪਾਲ ਕੋਹਲੀ ਤੇ ਚੀਨ ਦੇ ਵੱਡੇ ਕਾਰੋਬਾਰੀ ਠੁਕਰਾਲ ਦੇ ਨਾਂ ਵੀ ਇਸ ਸੂਚੀ ਵਿਚ ਸ਼ਾਮਲ ਹਨ।