5 C
Toronto
Thursday, November 20, 2025
spot_img
HomeUncategorizedਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ 'ਤੇ ਕੀਤਾ ਸਵਾਗਤ

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਸਬੰਧੀ ਪੰਜਾਬ ਦੌਰੇ ‘ਤੇ ਆਏ। ਇਸ ਦੌਰਾਨ ਸੰਜੇ ਸਿੰਘ ਚੰਡੀਗੜ੍ਹ ਵਿੱਚ ਸਥਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵਿਖੇ ਪਹੁੰਚੇ। ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੰਸਦ ਮੈਂਬਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੰਜੇ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ। ਸੰਸਦ ਮੈਂਬਰ ਅਤੇ ਉਨ੍ਹਾਂ ਦੀ ਪਤਨੀ ਨੇ ਮੁੱਖ ਮੰਤਰੀ ਦੀ ਧੀ ਨੂੰ ਆਸ਼ੀਰਵਾਦ ਦਿੱਤਾ। ਉਪਰੰਤ ਸੰਜੇ ਸਿੰਘ ਵੱਲੋਂ ਪੰਜਾਬ ਦੇ ਸਾਰੇ ‘ਆਪ’ ਵਿਧਾਇਕਾਂ ਅਤੇ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ।
ਗੌਰਤਲਬ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਪਾਰਟੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਜੇ ਸਿੰਘ, ਸੰਦੀਪ ਪਾਠਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ‘ਤੇ ਆ ਗਈ ਹੈ। ‘ਆਪ’ ਦੇ ਕੌਮੀ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।
ਸੰਗਰੂਰ ਵਿੱਚ ਉਮੀਦਵਾਰਾਂ ਦੀ ਜਿੱਤ ਨੌਜਵਾਨਾਂ ‘ਤੇ ਨਿਰਭਰ
ਆਮ ਆਦਮੀ ਪਾਰਟੀ ਲਈ ਵੀ ਵੱਕਾਰ ਦਾ ਸਵਾਲ ਹੈ ਸੰਗਰੂਰ ਲੋਕ ਸਭਾ ਹਲਕਾ
ਸੰਗਰੂਰ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਸੰਸਦੀ ਹਲਕੇ ਵਿਚ ਨੌਜਵਾਨ ਵੋਟਰਾਂ ਦੀ ਅਹਿਮ ਭੂਮਿਕਾ ਹੋਵੇਗੀ। ਖਾਸ ਤੌਰ ‘ਤੇ ਸਿਆਸੀ ਪਾਰਟੀਆਂ ਦੀ ਨੌਜਵਾਨ ਵੋਟਰਾਂ ‘ਤੇ ਵਧੇਰੇ ਟੇਕ ਰਹੇਗੀ। ਇਸ ਵਾਰ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਨੌਜਵਾਨਾਂ ਦੇ ਹੱਥ ਹੋਵੇਗਾ। ਇੱਥੋਂ ਦੀ ਵੋਟਰ ਸੂਚੀ ਅਨੁਸਾਰ 18 ਤੋਂ 39 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 7 ਲੱਖ 56 ਹਜ਼ਾਰ 730 ਹੈ ਜੋ ਕਿ ਕੁੱਲ ਵੋਟਰਾਂ ਦੀ ਗਿਣਤੀ ਦਾ 48 ਫ਼ੀਸਦੀ ਬਣਦਾ ਹੈ। ਆਮ ਆਦਮੀ ਪਾਰਟੀ ਲਈ ਵੀ ਸੰਗਰੂਰ ਲੋਕ ਸਭਾ ਹਲਕਾ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ।
ਸੰਗਰੂਰ ਲੋਕ ਸਭਾ ਹਲਕੇ ‘ਚ ਤਿੰਨ ਜ਼ਿਲ੍ਹਿਆਂ ਸੰਗਰੂਰ, ਮਾਲੇਰਕੋਟਲਾ ਅਤੇ ਬਰਨਾਲਾ ਦੇ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ‘ਚ ਸੰਗਰੂਰ, ਸੁਨਾਮ, ਲਹਿਰਾ, ਦਿੜ੍ਹਬਾ ਅਤੇ ਧੂਰੀ ਹਲਕੇ ਸ਼ਾਮਲ ਹਨ। ਜ਼ਿਲ੍ਹਾ ਬਰਨਾਲਾ ਦੇ 3 ਵਿਧਾਨ ਸਭਾ ਹਲਕਿਆਂ ‘ਚ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਹਲਕੇ ਸ਼ਾਮਲ ਹਨ ਜਦੋਂ ਕਿ ਜ਼ਿਲ੍ਹਾ ਮਾਲੇਰਕੋਟਲਾ ‘ਚ ਇੱਕ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਹੀ ਪੈਂਦਾ ਹੈ। ਤਿੰਨ ਜ਼ਿਲ੍ਹਿਆਂ ਦੇ 9 ਵਿਧਾਨਾ ਸਭਾ ਹਲਕਿਆਂ ਸਣੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 15,55,327 ਹੈ। ਕੁੱਲ ਵੋਟਰਾਂ ‘ਚੋ 18 ਤੋਂ 39 ਸਾਲ ਤੱਕ ਦੀ ਉਮਰ ਦੇ ਵੋਟਰਾਂ ਦੀ ਗਿਣਤੀ 7,56,730 ਹੈ ਜੋ ਕਿ ਲਗਪਗ 48 ਫ਼ੀਸਦੀ ਹਿੱਸਾ ਬਣਦਾ ਹੈ। 30 ਤੋਂ 39 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 4,28,983 ਹੈ ਜੋ 27 ਫੀਸਦੀ ਬਣਦੀ ਹੈ। ਇਸ ਤੋਂ ਇਲਾਵਾ 20 ਤੋਂ 29 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 2,96,106 ਹੈ ਜੋ ਕਿ 19 ਫ਼ੀਸਦੀ ਹੈ। ਐਤਕੀਂ 18 ਤੋਂ 19 ਸਾਲ ਤੱਕ ਦੀ ਉਮਰ ਵਾਲੇ ਵੋਟਰਾਂ ਦੀ ਗਿਣਤੀ 31641 ਹੈ ਜੋ ਕਿ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਵੋਟਰ ਸੂਚੀ ਅਨੁਸਾਰ 40 ਤੋਂ 49 ਸਾਲ ਤੱਕ ਦੀ ਉਮਰ ਵਾਲੇ ਵੋਟਰਾਂ ਦੀ ਗਿਣਤੀ 2,90,408 ਹੈ। 50 ਤੋਂ 59 ਸਾਲ ਤੱਕ ਦੀ ਉਮਰ ਵਾਲੇ ਵੋਟਰਾਂ ਦੀ ਗਿਣਤੀ 2,14,996 ਹੈ। 60 ਤੋਂ 69 ਸਾਲ ਤੱਕ ਵਾਲੇ ਵੋਟਰ 1,67,584 ਹਨ ਜਦੋਂਕਿ 70 ਤੋਂ 79 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 85484 ਹੈ। 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਦੀ ਗਿਣਤੀ 32835 ਹੈ।
ਪੁਰਸ਼ ਵੋਟਰਾਂ ਦੀ ਗਿਣਤੀ 8,19,994 ਅਤੇ ਔਰਤ ਵੋਟਰਾਂ ਦੀ ਗਿਣਤੀ 7,27,997 ਹੈ। ਸਰਵਿਸ ਵੋਟਰਾਂ ਦੀ ਗਿਣਤੀ 7290 ਹੈ ਜਦੋਂ ਕਿ 46 ਥਰਡ ਜੈਂਡਰ ਵੋਟਰ ਹਨ। ਇਸ ਹਲਕੇ ਦੇ ਚੋਣ ਮੈਦਾਨ ‘ਚ ਸਿਆਸੀ ਪਾਰਟੀਆਂ ਦੀ ਟੇਕ ਨੌਜਵਾਨ ਵੋਟਰਾਂ ਉਪਰ ਹੀ ਰਹੇਗੀ ਕਿਉਂਕਿ ਨੌਜਵਾਨ ਸ਼ਕਤੀ ਚੋਣ ਸਮੀਕਰਨਾਂ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।

RELATED ARTICLES

POPULAR POSTS