ਪੰਜਾਬ ਦੇ 72 ਸਕੂਲ ਪਿੰ੍ਰਸੀਪਲਾਂ ਦਾ ਤੀਜਾ ਬੈਚ ਟ੍ਰੇਨਿੰਗ ਲਈ ਜਾਵੇਗਾ ਸਿੰਗਾਪੁਰ
ਸਿੱਖਿਆ ਵਿਭਾਗ ਨੇ ਸਿੰਗਾਪੁਰ ਜਾਣ ਵਾਲੇ 72 ਪਿ੍ਰੰਸੀਪਲਾਂ ਦੀ ਲਿਸਟ ਕੀਤੀ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੀ ਸਿੱਖਿਆ ਨੀਤੀ ਨੂੰ ਬੇਹਤਰ ਬਣਾਉਣ ਲਈ ਲਗਾਤਾਰ ਤਤਪਰ ਹੈ ਅਤੇ ਪੰਜਾਬ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ਦੀ ਸਥਿਤੀ ਨੂੰ ਸੁਧਾਰਨ ’ਚ ਲੱਗੀ ਹੋਈ ਹੈ। ਇਸੇ ਤਹਿਤ ਸੂਬਾ ਸਰਕਾਰ ਰਾਜ ਦੇ ਸਕੂਲ ਪਿੰ੍ਰਸੀਪਲਾਂ ਨੂੰ ਸਿੱਖਿਆ ਅਤੇ ਮੈਨੇਜਮੈਂਟ ਦੇ ਫੰਡੇ ਸਿੱਖਣ ਲਈ ਸਿੰਗਾਪੁਰ ਸਥਿਤ ਪਿ੍ਰੰਸੀਪਲ ਅਕੈਡਮੀ ’ਚ ਭੇਜ ਰਹੀ ਹੈ। ਸਿੱਖਿਆ ਵਿਭਾਗ ਨੇ ਸਿੰਗਾਪੁਰ ਟ੍ਰੇਨਿੰਗ ਲਈ ਜਾਣ ਵਾਲੇ 72 ਪਿ੍ਰੰਸੀਪਲਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਅਤੇ ਸਿੰਗਾਪੁਰਾ ਟ੍ਰੇਨਿੰਗ ਲਈ ਜਾਣ ਵਾਲਾ ਪਿ੍ਰੰਸੀਪਲਾਂ ਦਾ ਇਹ ਤੀਜਾ ਬੈਚ ਹੈ। 72 ਪਿ੍ਰੰਸੀਪਲਾਂ ਦਾ ਇਹ ਤੀਜਾ ਬੈਚ 24 ਜੁਲਾਈ ਤੋਂ ਲੈ ਕੇ 28 ਜੁਲਾਈ ਤੱਕ ਸਿੰਗਾਪੁਰ ਦੇ ਟ੍ਰੇਨਿੰਗ ਸੈਂਟਰ ਵਿਚ ਸਿੱਖਿਆ ਹਾਸਲ ਕਰੇਗਾ। ਇਸ ਤੋਂ ਬਾਅਦ ਜੋ ਵੀ ਇਹ ਪਿ੍ਰੰਸੀਪਲ ਉਥੇ ਟ੍ਰੇਨਿੰਗ ਲੈ ਕੇ ਆਉਣਗੇ ਉਨ੍ਹਾਂ ਨਿਯਮਾਂ ਨੂੰ ਆਪਣੇ ਸਕੂਲਾਂ ਵਿਚ ਲਾਗੂ ਕਰਨਗੇ। ਪਿ੍ਰੰਸੀਪਲ ਟ੍ਰੇਨਿੰਗ ਦੇ ਲਈ ਚੰਡੀਗੜ੍ਹ ਤੋਂ ਸਿੰਗਾਪੁਰ ਲਈ ਰਵਾਨਾ ਹੋਣਗੇ ਅਤੇ ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਪਿ੍ਰੰਸੀਪਲਾਂ ਦੇ ਦੋ ਬੈਚ ਸਿੰਗਾਪੁਰ ਤੋਂ ਟ੍ਰੇਨਿੰਗ ਹਾਸਲ ਕਰ ਚੁੱਕੇ ਹਨ ਅਤੇ ਇਨ੍ਹਾਂ ਦੋਵੇਂ ਬੈਚਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਅਤੇ ਸਿੰਗਾਪੁਰ ਤੋਂ ਵਾਪਸ ਪਰਤਣ ’ਤੇ ਵੀ ਮੁੱਖ ਮੰਤਰੀ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਸੀ।