ਮੁਖਤਾਰ ਅਨਸਾਰੀ ਨੂੰ ਪੰਜਾਬ ਤੋਂ ਯੂਪੀ ਦੀ ਜੇਲ੍ਹ ‘ਚ ਕੀਤਾ ਜਾਵੇਗਾ ਸ਼ਿਫਟ
ਚੰਡੀਗੜ੍ਹ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਗੈਂਗਸਟਰ ਅਤੇ ਮਊ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅਨਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿਚੋਂ ਯੂਪੀ ਦੀ ਕਿਸੇ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਅੱਜ ਇਹ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਅਨਸਾਰੀ ਨੂੰ ਦੋ ਹਫਤੇ ਦੇ ਅੰਦਰ-ਅੰਦਰ ਉਤਰ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ 8 ਜਨਵਰੀ 2019 ਨੂੰ ਮੁਹਾਲੀ ਦੇ ਇਕ ਵੱਡੇ ਬਿਲਡਰ ਦੀ ਸ਼ਿਕਾਇਤ ‘ਤੇ ਮੁਹਾਲੀ ਪੁਲਿਸ ਨੇ ਅਨਸਾਰੀ ਦੇ ਖਿਲਾਫ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਕੇਸ ਦਰਜ ਕੀਤਾ ਸੀ। ਅਨਸਾਰੀ ਅੱਜਕੱਲ੍ਹ ਰੋਪੜ ਦੀ ਜੇਲ੍ਹ ਵਿਚ ਬੰਦ ਹੈ। ਧਿਆਨ ਰਹੇ ਕਿ ਯੂਪੀ ਦੀ ਪੁਲਿਸ ਕਈ ਵਾਰ ਅਨਸਾਰੀ ਨੂੰ ਲੈਣ ਲਈ ਪੰਜਾਬ ਪਹੁੰਚੀ ਸੀ, ਪਰ ਪੰਜਾਬ ਪੁਲਿਸ ਨੇ ਅਨਸਾਰੀ ਨੂੰ ਯੂਪੀ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਵਿਚ ਯੂਪੀ ਸਰਕਾਰ ਵਲੋਂ ਕਿਹਾ ਗਿਆ ਕਿ ਅਨਸਾਰੀ ਪੰਜਾਬ ਵਿਚ ਮੌਜ ਕਰ ਰਿਹਾ ਹੈ। ਇਸ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਦੇ ਵਕੀਲ ਦੀਆਂ ਦਲੀਲਾਂ ਨੂੰ ਠੁਕਰਾ ਦਿੱਤਾ ਅਤੇ ਅਨਸਾਰੀ ਨੂੰ ਯੂਪੀ ਦੀ ਕਿਸੇ ਜੇਲ੍ਹ ਵਿਚ ਭੇਜਣ ਲਈ ਕਹਿ ਦਿੱਤਾ।
Check Also
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ
20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …