Breaking News
Home / ਕੈਨੇਡਾ / ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਅੰਤਰਰਾਸ਼ਟਰੀ ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ ਦਾ ਰਿਲੀਜ਼ ਸਮਾਰੋਹ

ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਅੰਤਰਰਾਸ਼ਟਰੀ ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ ਦਾ ਰਿਲੀਜ਼ ਸਮਾਰੋਹ

ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀ ਭਵਨ ਬਰੈਂਪਟਨ ਕੈਨੇਡਾ ਵਿਖੇ ਪਿਛਲੇ ਦਿਨੀਂ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਅਤੇ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਦੀ ਮੌਜੂਦਗੀ ਵਿਚ ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਅੰਤਰਰਾਸ਼ਟਰੀ ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ ਦਾ ਰਿਲੀਜ਼ ਸਮਾਰੋਹ ਸੰਪਨ ਹੋਇਆ। ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਤੇ ਖਾਣ ਪੀਣ ਦਾ ਪ੍ਰਬੰਧ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪੰਜਾਬੀ ਨਕਸ਼ ਦੇ ਸਰਪ੍ਰਸਤ ਡਾ. ਕੁਲਜੀਤ ਸਿੰਘ ਜੰਜੂਆ ਨੇ ਆਪਣੇ ਸੰਖੇਪ ਪਰ ਭਾਵਪੂਰਤ ਲਫ਼ਜ਼ਾਂ ਵਿੱਚ ਪਹੁੰਚੇ ਮਹਿਮਾਨਾਂ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਜੀ ਆਇਆਂ ਨੂੰ ਕਿਹਾ। ਨਾਲ ਹੀ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਬਿਤ ਹੋਣ ਲਈ ਡਾ. ਵਨੀਤਾ, ਕੁਲਦੀਪ ਸਿੰਘ ਬੇਦੀ, ਪ੍ਰੋ. ਆਸ਼ਿਕ ਰਹੀਲ ਅਤੇ ਗਜ਼ਲਗੋ ਗੁਰਦਿਆਲ ਰੌਸ਼ਨ ਨੂੰ ਲਈ ਸੱਦਾ ਦਿੱਤਾ।
ਪ੍ਰਧਾਨਗੀ ਮੰਡਲ ਦੇ ਬੈਠਣ ਉਪਰੰਤ ਦੇਸ਼ ਵਿਦੇਸ਼ ਵਿ ਚ ਵੱਸਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਦੇ ਵਿਚਾਰ ਅਤੇ ਵਧਾਈ ਸੰਦੇਸ਼ ਜੋ ਉਹਨਾਂ ਨੇ ਵੀਡੀਓ ਕਲਿੱਪਾਂ ਰਾਹੀਂ ਪੰਜਾਬੀ ਨਕਸ਼ ਨੂੰ ਭੇਜੇ ਸਨ, ਸਕਰੀਨ ‘ਤੇ ਚਲਾ ਕੇ ਸੁਣਾਏ ਗਏ। ਵਧਾਈ ਸੰਦੇਸ਼ਾਂ ਤੋਂ ਬਾਅਦ ਸੰਪਾਦਕਾ ਸੋਨੀਆ ਮਨਜਿੰਦਰ ਨੇ ਆਏ ਹੋਏ ਮਹਿਮਾਨਾਂ ਨੂੰ ਮੋਹ ਭਰੇ ਲਫ਼ਜ਼ਾਂ ਨਾਲ ਜੀ ਆਇਆਂ ਕਹਿੰਦੇ ਹੋਏ ਆਪਣੇ ਪਰਿਵਾਰ ਅਤੇ ਨਕਸ਼ ਦੇ ਰਹਿਨੁਮਾ ਡਾ. ਲਖਵਿੰਦਰ ਜੌਹਲ, ਡਾ. ਸੁਰਜੀਤ ਪਾਤਰ ਅਤੇ ਡਾ. ਰਵਿੰਦਰ ਰਵੀ, ਨਕਸ਼ ਦੇ ਸਲਾਹਕਾਰ ਪ੍ਰੋ. ਰਾਮ ਸਿੰਘ, ਪ੍ਰੋ. ਪਿਆਰਾ ਸਿੰਘ ਕੁੱਦੋਵਾਲ ਅਤੇ ਗੁਰਦੇਵ ਚੌਹਾਨ ਸਮੇਤ ਨਕਸ਼ ਦੀ ਪੂਰੀ ਟੀਮ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਦੇ ਨਾਲ ਹੀ ਨਕਸ਼ ਦੇ ਪਿਛੋਕੜ ਤੇ ਨਕਸ਼ ਨੂੰ ਹੋਂਦ ਵਿੱਚ ਲਿਆਉਣ ਬਾਰੇ, ਪੰਜਾਬੀ ਸਾਹਿਤ ਨਾਲ ਹੋ ਰਹੇ ਖਿਲਵਾੜ ਅਤੇ ਕੱਚੀਆਂ ਲਿਖਤਾਂ ਦੇ ਪ੍ਰਦੂਸ਼ਣ ਦੀ ਚਿੰਤਾ ਵਿਅਕਤ ਕਰਦੇ ਹੋਏ ਦੱਸਿਆ ਕਿ ਨਕਸ਼, ਪੰਜਾਬੀ ਸਾਹਿਤ ਵਿੱਚ ਸੂਰਜ ਦਾ ਭਾਵੇਂ ਨਾ ਕੰਮ ਕਰੇ ਪਰ ਦੀਵੇ ਦਾ ਕੰਮ ਜ਼ਰੂਰ ਕਰੇਗਾ। ਸਾਡੇ ਇਸ ਉਪਰਾਲੇ ਨਾਲ ਪਾਠਕਾਂ ਨੂੰ ਚੰਗਾ ਮਿਆਰੀ ਸਾਹਿਤ ਪੜ੍ਹਨ ਨੂੰ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਜਿਥੇ ਨਕਸ਼ ਵਿਚ ਪੰਜਾਬੀ ਦੇ ਉੱਘੇ ਸਾਹਿਤਕਾਰਾਂ ਦੀਆਂ ਰਚਨਾਵਾਂ ਹੋਣਗੀਆਂ ਉਸ ਦੇ ਨਾਲ ਹੀ ਨਵੀਂਆਂ ਕਲਮਾਂ ਨੂੰ ਵੀ ਕੋਸੇ ਚਾਨਣ ਸਿਰਲੇਖ ਅਧੀਨ ਛੱਪਣ ਮੌਕਾ ਮਿਲੇਗਾ। ਨਕਸ਼ ਦੇ ਨਿਰੰਤਰ ਸਫਰ ਵਿਚ ਰਹਿਣ ਦੀ ਆਸ ਰੱਖਦੇ ਹੋਏ ਉਨ੍ਹਾਂ ਨੇ ਨਕਸ਼ ਨੂੰ ਲੋਕ ਅਰਪਣ ਕੀਤਾ।

 

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …