ਬਰੈਂਪਟਨ : ਗਰਮੀਆਂ ਦੇ ਸੁਹਾਵਣੇ ਮੌਸਮ ਵਿਚ ਬਰੈਂਪਟਨ ਦੀਆਂ ਕਲੱਬਾਂ ਵਲੋਂ ਸੀਨੀਅਰਜ਼ ਲਈ ਕੁਦਰਤੀ ਸੁਹਾਵਣੀਆਂ ਸੈਰਗਾਹਾਂ ਦਾ ਅਨੰਦ ਮਾਣਨ ਲਈ ਲਗਾਤਾਰ ਟੂਰ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਰੋਬਰਟ ਪੋਸਟ ਸੀਨੀਅਰ ਕਲੱਬ ਵਲੋਂ ਵੀ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸਾਰੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਮੈਂਬਰਾਂ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ। ਸਮੇਂ ‘ਤੇ ਸਾਰੇ ਮੈਂਬਰ ਸਜ ਧਜ ਕੇ ਖਿੜ੍ਹੇ ਹੋਏ ਚਿਹਰਿਆਂ ਨਾਲ ਨਿਸ਼ਚਿਤ ਸਥਾਨ ‘ਤੇ ਪਹੁੰਚ ਗਏ। ਜ਼ਿਆਦਾ ਟਰੈਫਿਕ ਹੋਣ ਕਰਕੇ ਲਗਭਗ ਆਮ ਨਾਲੋਂ ਦੁੱਗਣਾ ਸਮਾਂ ਲੱਗਣ ਦੀ ਸੰਭਾਵਨਾ ਸੀ। ਰਸਤੇ ਵਿਚ ਇਕ ਸਟਾਪ ਕਰਨਾ ਜ਼ਰੂਰੀ ਹੋ ਗਿਆ। ਸਫਰ ਵਿਚ ਸਾਰੇ ਸੀਨੀਅਰਜ਼ ਆਪਣੀ ਜ਼ਿੰਦਗੀ ਦੇ ਲੰਮੇ ਤਜਰਬੇ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਜਾ ਰਹੇ ਸਨ ਤੇ ਕੈਨੇਡਾ ਦੀਆਂ ਮਿਲ ਰਹੀਆਂ ਸਹੂਲਤਾਂ ਤੋਂ ਬੇਹੱਦ ਖੁਸ਼ ਦਿਖਾਈ ਦਿੰਦੇ ਸਨ।
ਨਿਆਗਰਾ ਫਾਲ ਪਹੁੰਚਦਿਆਂ ਹੀ ਪੰਜਾਬੀ ਕਲਾਕਾਰਾਂ ਵਲੋਂ ਗਾਏ ਜਾ ਰਹੇ ਗੀਤ ਦੀਆਂ ਲੰਮੀਆਂ ਹੇਕਾਂ ਤੇ ਸੰਗੀਤਕ ਧੁਨਾਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਚਾਰੇ ਪਾਸੇ ‘ਤੇ ਸੈਲਾਨੀਆਂ ਦਾ ਹੜ੍ਹ ਆਇਆ ਹੋਇਆ ਸੀ, ਜੋ ਵਾਟਰ ਫਾਲ ਦੇ ਕੁਦਰਤੀ ਅਜੂਬੇ ਤੋਂ ਬਾਰੇ-ਬਾਰੇ ਜਾ ਰਹੇ ਸਨ। ਹੁਣ ਸੀਨੀਅਰਜ਼ ਵੀ ਹਾਈਟੈਕ ਹੋ ਕੇ ਆਪਣੇ ਮਿੱਤਰਾਂ ਨਾਲ ਸੈਲਫੀਆਂ ਲੈ ਰਹੇ ਸਨ। ਵੱਡੇ ਪਾਰਕ ਵਿਚ ਲੱਗੀ ਸਟੇਜ ਤੋਂ ਲਗਾਤਾਰ ਪੰਜਾਬੀ ਗਾਇਕ ਆਪਣੇ ਸੀਮਤ ਸਮੇਂ ਵਿਚ ਹਿੱਟ ਗੀਤ ਸੁਣਾ ਰਹੇ ਸਨ, ਜੋ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਰੰਗ ਵਿਚ ਬੈਠੇ ਦਰਸ਼ਕਾਂ ਨੂੰ ਝੂਮਣ ਲਾ ਦਿੰਦੇ ਸਨ ਤੇ ਉਨ੍ਹਾਂ ਵਿਚੋਂ ਛਪਾਰ ਦਾ ਮੇਲਾ ਮਾਣ ਚੁੱਕੇ ਦਰਸ਼ਕਾਂ ਨੂੰ ਤਾਂ ਇਕ ਵਾਰ ਪੰਜਾਬ ਦੀ ਫੀਲਿੰਗ ਦੇਈ ਜਾਂਦੇ ਸਨ। ਪ੍ਰੀਤਮ ਸਿੰਘ ਸਰਾਂ ਵਲੋਂ ਸਾਰੇ ਕਲੱਬ ਮੈਂਬਰਾਂ ਲਈ ਲੰਚ ਦੀਆਂ ਟਰੇਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਹਰ ਕੋਈ ਇਸ ਦਿਲ ਨੂੰ ਧੂਹ ਪਾਉਂਦੇ ਤੇ ਧਰਤੀ ‘ਤੇ ਸਵਰਗ ਵਰਗੇ ਨਿਆਗਰਾ ਫਾਲ ਦੇ ਨਜ਼ਾਰੇ ਲੈ ਕੇ ਖਿੜ੍ਹਿਆ ਪਿਆ ਸੀ। ਵਾਪਸੀ ਲਈ ਬਸ ਆ ਗਈਸੀ ਤੇ ਨਾਲ ਹੀ ਫਾਇਰ ਵਰਕਸ ਸ਼ੁਰੂ ਹੋ ਗਿਆ, ਜਿਸ ਨੇ ਸੁਹਾਵਣੇ ਮੌਸਮ ਵਿਚ ਇਸ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਹਰ ਇਕ ਨੇ ਇਸ ਵਧੀਆ ਟਰਿੱਪ ਦਾ ਅਨੰਦ ਮਾਣਿਆ ਤੇ ਘਰ ਵਾਪਸੀ ਵਿਚ ਲੇਟ ਹੋਣ ਦਾ ਸ਼ਿਕਵਾ ਲਗਭਗ ਸਾਰੀ ਬਸ ਵਿਚ ਕਿਸੇ ਵਲੋਂ ਵੀ ਨਾ ਕੀਤਾ ਗਿਆ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …